Skip to main content

ਕੀ ਸਿੱਖਾਂ ‘ਚੋਂ ਸਿੱਖੀ ਦਾ ਭੋਗ ਪੈ ਗਿਆ ਹੈ?


ਇਹ ਸਵਾਲ ਹਰ ਇਕ ਸਿੱਖ ਤੋਂ ਜਵਾਬ ਮੰਗਦਾ ਹੈ।
ਐ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਓ !
ਕਿਹੜੀਆਂ ਗੱਲਾਂ ਅਤੇ ਕਿਹੜੇ ਕੰਮਾਂ ਕਰਕੇ, ਆਪਣੇ ਆਪ ਨੂੰ ਸਿੱਖ ਮੰਨਦੇ ਹੋ?
ਇਹ ਸਮਾਜ,  ਜਿਨ੍ਹਾਂ ਰੀਤਾਂ-ਰਸਮਾਂ ਨੂੰ ਸਦੀਆਂ ਤੋਂ ਧਰਮ-ਕਰਮ ਸਮਝ ਕੇ, ਜਨਮ ਤੋਂ ਲੈ ਕੇ ਮੌਤ ਤਕ ਕਰਦਾ ਆ ਰਿਹਾ ਹੈ, ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਸਾਰੀਆਂ ਰੀਤਾਂ-ਰਸਮਾਂ ਨੂੰ ਮੁੱਢੋ ਹੀ ਬੜੀ ਦਲੇਰੀ ਨਾਲ ਰੱਦ ਕਰਕੇ, ਮਨੁੱਖਤਾ ਨੂੰ ਇਕ ਨਵੀਂ ਨਿਰੋਈ ਸੱਚ ਆਧਾਰਿਤ ਵਿਚਾਰਧਾਰਾ ਦਿੱਤੀ ਸੀ, ਜਿਸ ਨੂੰ ਸਿੱਖ-ਵਿਚਾਰਧਾਰਾ ਕਿਹਾ ਜਾਂਦਾ ਹੈ। ਇਹ ਵਿਚਾਰਧਾਰਾ ਸ਼ਬਦ- ਗੁਰਬਾਣੀ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਸੰਸਾਰ ਦਾ ਜਿਹੜਾ ਮਨੁੱਖ, ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਵਿਚ ਲਾਗੂ ਕਰਦਾ ਹੈ, ਉਸ ਨੂੰ ਹੀ ਸਿੱਖ ਕਿਹਾ ਜਾਂਦਾ ਹੈ। ਮੁਸਲਮਾਨ ਲਿਖਾਰੀ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਕੇ, ਦੇਸ਼-ਵਿਦੇਸ਼ਾਂ ਵਿਚ ਲੱਗ-ਭੱਗ ਤਿੰਨ ਕਰੋੜ ਲੋਕਾਂ ਨੂੰ ਸਿੱਖ ਬਣਾਇਆ ਸੀ।
ਭਾਰਤ ਵਿਚ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣਿਆ, ਸਮਝਿਆ, ਮੰਨਿਆ ਅਤੇ ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕੀਤਾ ਸੀ, ਉਹ ਲੋਕ ਕੌਣ ਸਨ? ਜਵਾਬ ਹੈ: ਬਹੁਤ ਸਾਰੇ ਹਿੰਦੂ ਅਤੇ ਅਣਗਿਣਤ ਸ਼ੂਦਰ ਲੋਕ, ਜਿਨ੍ਹਾਂ ਨੇ ਸਿੱਖ ਬਣ ਕੇ, ਇਕ ਸ਼ਕਤੀਸ਼ਾਲੀ ਕੌਮ ਬਣਨ ਵਿਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਲੋਕਾਂ ਵੱਲੋਂ ਸਿੱਖੀ ਨੂੰ ਅਪਨਾਉਣ ਦਾ ਇਹ ਸਿਲ-ਸਿਲਾ ਗੁਰੂ ਗੋਬਿੰਦ ਸਿੰਘ ਜੀ ਤਕ ਚਲਦਾ ਰਿਹਾ। ਸਿੱਖੀ ਨੂੰ ਅਪਨਾਉਣ ਵਿਚ ਉਨ੍ਹਾਂ ਲੋਕਾਂ ਦੀ ਬਹੁਤ ਵੱਡੀ ਸਿਆਣਪ ਅਤੇ ਦਲੇਰੀ ਮੰਨੀ ਜਾਣੀ ਚਾਹੀਦੀ ਹੈ। ਜਦੋਂ ਤਕ ਸਿੱਖ-ਸਤਿਗੁਰਾਂ ਦੀ ਰਹਿਨੁਮਾਈ ਵਿਚ ਉਹ ਲੋਕ, ਸਿੱਖੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਰਹੇ, ਉਦੋਂ ਤਕ ਉਹ ਸਾਰੇ ਆਪਣੀ ਸ਼ਕਲ ਅਤੇ ਅਕਲ ਕਰਕੇ, ਸੰਸਾਰ ਵਿਚ ਸਭ ਤੋਂ ਨਿਵੇਕਲੇ ਨਜ਼ਰ ਆਉਂਦੇ ਰਹੇ। ਉਹ ਸਾਰੇ ਕਿਸੇ ਹਕੂਮਤ ਦੇ ਲਾਲਚ ਵਿਚ ਨਹੀਂ ਆਏ ਅਤੇ ਨਾ ਹੀ ਕਿਸੇ ਦੇ ਭੈਅ ਵਿਚ ਆਏ। ਸਿੱਖ-ਸਤਿਗੁਰਾਂ ਵਾਂਗ ਸੱਚ-ਧਰਮ ਅਤੇ ਮਨੁੱਖਤਾ ਦੇ ਭਲੇਹਿੱਤ ਆਪਣੀਆਂ ਜਾਨਾਂ ਵਾਰੀਆਂ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ । ਮਰ-ਮਿਟਣਾ ਪ੍ਰਵਾਨ ਕਰ ਲਿਆ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਗੁਰੂ ਦੇ ਬਹਾਦਰ ਸਿੱਖਾਂ ਨੇ ਭਾਰਤ ਵਿਚ ਸਦੀਆਂ ਤੋਂ ਕਾਬਜ ਹੋਈ ਮੁਗ਼ਲ ਸਲਤਨਤ ਦਾ ਤਖ਼ਤਾ ਉਲਟਾ ਕੇ ਆਪਣੀ ਬਹਾਦਰੀ ਦੀ ਅਹਿਸਾਸਾ ਕਰਵਾਇਆ ਸੀ। ਇਹ ਸੰਖੇਪ ਇਤਿਹਾਸ ਹੈ, ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਗੁਰੂ ਦੇ ਸੱਚੇ ਸਿੱਖ ਬਣ ਕੇ, ਸਿੱਖੀ ਦਾ ਨਾਂ ਰੌਸ਼ਨ ਕੀਤਾ ਸੀ।
ਗੁਰੂ ਨਾਨਕ ਸਾਹਿਬ ਵੱਲੋਂ ਕੀਤੇ ਜਾਂਦੇ ਪ੍ਰਚਾਰ ਦੀ ਇਹ ਬਹੁਤ ਵੱਡੀ ਕਮਾਲ ਸੀ ਕਿ ਉਨ੍ਹਾਂ ਨੇ ਭਾਰਤ ਵਿਚ ਬਹੁਤ ਸਾਰੇ ਹਿੰਦੂਆਂ ਅਤੇ ਅਣਗਿਣਤ ਸ਼ੂਦਰਾਂ ਨੂੰ ਸਿੱਖ ਬਣਾਇਆ ਸੀ। ਇਸ ਦੇ ਉਲਟ ਅੱਜ ਸੰਸਾਰ ਭਰ ਵਿਚ ਸਿੱਖਾਂ ਨੂੰ ਸਿੱਖ ਬਨਾਉਣ ਲਈ ਲੱਖਾਂ ਗੁਰਦੁਆਰੇ ਉਸਾਰੇ ਗਏ ਹਨ। ਸਿੱਖੀ ਦੇ ਪ੍ਰਚਾਰ ਲਈ ਅਨੇਕਾਂ ਸੰਸਥਾਵਾਂ ਵੱਲੋਂ ਦਿਨ-ਰਾਤ ਪ੍ਰਚਾਰ ਕੀਤਾ ਜਾ ਰਿਹਾ ਹੈ।  ਪ੍ਰਚਾਰ ਕਰਨ ਲਈ ਅੱਜ ਦੇ ਪ੍ਰਚਾਰਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਵੀ ਪ੍ਰਾਪਤ ਹਨ। ਕਰੋੜਾਂ-ਅਰਬਾਂ ਰੁਪਿਆ ਪ੍ਰਚਾਰ ਤੇ ਖ਼ਰਚ ਕੀਤਾ ਜਾ ਰਿਹਾ ਹੈ। ਐਨਾ ਕੁੱਝ ਕਰਨ ਦੇ ਬਾਵਜੂਦ ਅੱਜ ਇਕ ਪਿੰਡ ਵਿਚ ਇਕ ਵੀ ਸਿੱਖ,  ਗੁਰਮਤਿ ਦਾ ਧਾਰਨੀ ਨਜ਼ਰ ਨਹੀਂ ਆਉਂਦਾ। ਇਸ ਦੇ ਕੀ ਕਾਰਣ ਹਨ?
  • ਸਿੱਖੀ ਨੂੰ ਅਪਨਾਏ ਬਿਨਾਂ ਕੇਵਲ ਸਾਬਤ-ਸੂਰਤ ਅਤੇ ਪਗੜੀ ਬੰਨਣ ਵਾਲੇ ਪ੍ਰਵਾਰਾਂ ਵਿਚ ਜਨਮ ਲੈ ਕੇ ਆਪਣੇ ਆਪ ਨੂੰ ਸਿੱਖ ਸਮਝਣ ਦਾ ਭਰਮ ਪੈਦਾ ਕਰ ਲੈਣਾ।
  • ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥੇ ਟੇਕਣ ਕਰਕੇ ਹੀ ਆਪਣੇ ਆਪ ਨੂੰ ਸਿੱਖ ਸਮਝ ਲੈਣਾ।
  • ਅੱਜ ਦੇ ਕੂੜ, ਹੇਰਾਫੇਰੀ, ਮਿਲਾਵਟ, ਠੱਗੀ, ਰਿਸ਼ਵਤਖ਼ੋਰੀ, ਬੇਈਮਾਨੀ ਦੇ ਜ਼ਮਾਨੇ ਵਿਚ ਸਿੱਖੀ ਨੂੰ ਅਪਨਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਸਿੱਖੀ-ਸਿਧਾਂਤਾਂ ਨੂੰ ਸੁਣਨਾ ਵੀ ਪਸੰਦ ਨਹੀਂ ਕਰਦਾ ਕਿਉਂਕਿ ਗੁਰਬਾਣੀ ਦਾ ਸੱਚ ਸੁਣਨ ਨਾਲ ਮਨੁੱਖ ਦੇ ਆਪਣੇ ਪਾਪ ਪ੍ਰਗਟ ਹੁੰਦੇ ਹਨ। ਅਜਿਹੇ ਲੋਕਾਂ ਦੀ ਹਾਲਤ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:
        ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ।।
        ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ।। ( ਗੁਗ੍ਰੰਸਾਪੰਨਾ– 646 )
ਅਰਥਾਤ ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਨ੍ਹਾਂ ਨੂੰ ਸੱਚ ਚੰਗਾ ਨਹੀਂ ਲਗਦਾ। ਜੇ ਕੋਈ ਮਨੁੱਖ ਸੱਚ ਬੋਲੇ ਤਾਂ ਝੂਠਾ ਮਨੁੱਖ ਸੱਚ ਸੁਣ ਕੇ ਸੜ-ਬਲ ਜਾਂਦਾ ਹੈ।
       ਕੂੜਿ ਕਪਟਿ ਅਹੰਕਾਰਿ ਰੀਝਾਨਾ।।
       ਨਾਮੁ ਸੁਨਤ ਜਨੁ ਬਿਛੂਅ ਡਸਾਨਾ।। ਗੁਗ੍ਰੰਸਾਪੰਨਾ– 892-93 )
ਅਰਥਾਤ ਸਕਾਤ ਮਨੁੱਖ, ਸਦਾ ਨਾਸ਼ਵੰਤ ਪਾਦਰਥਾਂ, ਠੱਗੀ ਅਤੇ ਅਹੰਕਾਰ ਕਰਨ ਵਿਚ ਹੀ ਖੁਸ਼ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸੁਣਦਿਆਂ ਤਾਂ ਇਉਂ ਹੁੰਦਾ ਹੈ, ਜਿਵੇਂ ਇਸ ਨੂੰ ਠੂਹਾਂ ਡੰਗ ਮਾਰ ਜਾਂਦਾ ਹੈ।
  • ਜਦ ਤੋਂ ਭੇਖੀ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿਖਿਆ ਨੂੰ ਤਿਆਗ ਕੇ, ਗੁਰੂ ਨਾਨਕ ਸਾਹਿਬ ਵੱਲੋਂ ਰੱਦ ਕੀਤੀਆਂ ਸਦੀਆਂ ਪੁਰਾਣੀਆਂ ਰੀਤਾਂ-ਰਸਮਾਂ ਨੂੰ ਮੁੜ ਅਪਨਾ ਲਿਆ ਹੋਇਆ ਹੈ, ਉਦੋਂ ਤੋਂ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦੀ ਅੱਜ ਨਾਂਹ ਤਾਂ ਕੁਦਰਤੀ, ਸਿੱਖੀ ਵਾਲੀ ਸ਼ਕਲ ਰਹੀ ਅਤੇ ਨਾ ਹੀ ਸਿੱਖੀ ਵਾਲੀ ਅਕਲ ਰਹੀ।
  • ਅੱਜ ਬਹੁਤ ਘੱਟ ਅਜਿਹੇ ਹਨ ਜਿਨ੍ਹਾਂ ਨੇ ਆਪਣਾ ਕੇਵਲ ਬਾਹਰੀ ਰੂਪ ਤਾਂ ਕਾਇਮ ਰੱਖਿਆ ਹੋਇਆ ਹੈ ਪਰ ਅਕਲ ਪੱਖੋਂ ਉਨ੍ਹਾਂ ਦਾ ਵੀ ਜਨਾਜ਼ਾ ਨਿਕਲਿਆ ਹੋਇਆ ਦੇਖਿਆ ਜਾ ਸਕਦਾ ਹੈ। ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਕਰਕੇ, ਜੈਕਾਰੇ ਛੱਡਦੇ ਹਨ: “ਰਾਜ ਕੇਰਗਾ ਖਾਲਸਾ” ਅਤੇ “ਪੰਥ ਕੀ ਜੀਤ” ਦੇ।
  • ਗੁਰਮਤਿਹੀਣ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਵੱਲੋਂ ਆਪਣੇ ਨਿੱਜ ਲਾਲਚਾਂ ਅਤੇ ਚੌਧਰਾਂ ਲਈ ਸਿੱਖੀ ਨਾਲ ਗ਼ਦਾਰੀ ਕਰਨੀ।
  • ਗੁਰਮਤਿਹੀਣ ਅਤੇ ਅਗਿਆਨੀ ਲੋਕਾਂ ਵੱਲੋਂ ਗੁਰਦੁਆਰਿਆਂ ਅਤੇ ਘਰਾਂ ਵਿਚ ਆਪਣੀ ਇੱਛਾ ਅਨੁਸਾਰ ਗੁਰਮਤਿ ਵਿਰੋਧੀ ਪ੍ਰੋਗਰਾਮ ਕਰਾ ਕੇ ਸਿੱਖੀ ਨੂੰ ਢਾਹ ਲਾਉਣੀ।
  • ਸਿੱਖ ਸੰਸਥਾਵਾਂ ਵੱਲੋਂ ਦੋਗ਼ਲੀ ਨੀਤੀ ਅਧੀਨ ਪ੍ਰਚਾਰ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਢਾਹ ਲਾਉਣੀ।
ਹੁਣ ਗੱਲ ਕਰਦੇ ਹਾਂ ਉਨ੍ਹਾਂ ਲੋਕਾਂ ਬਾਰੇ ਜਿਹੜੇ ਅਕਸਰ ਇਸ ਗੱਲ ਦਾ ਦਾਅਵਾ ਕਰਦੇ-ਰਹਿੰਦੇ ਹਨ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ। ਜੇਕਰ ਅਸੀਂ ਇਸ ਸਚਾਈ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਕਿਸੇ ਮ੍ਰਿਤਕ ਪ੍ਰਾਣੀ ਦੇ ਚਲਾਣੇ ਅਤੇ ਭੋਗ ਸਮੇਂ ਦੇਖ ਸਕਦੇ ਹਾਂ। ਸਾਰੀ ਅਸਲੀਅਤ ਸਾਡੇ ਸਾਹਮਣੇ ਪ੍ਰਗਟ ਹੋ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਇਕ ਵੀ ਨਜ਼ਰ ਨਹੀਂ ਆਵੇਗਾ।
ਭੋਗ ਵਾਲੇ ਦਿਨ ਜਿੰਨੇ ਵੀ ਲੋਕ ਇਕਠੇ ਹੁੰਦੇ ਹਨ, ਉਹ ਸਾਰੇ ਇਹੋ ਸਮਝਦੇ ਹਨ ਕਿ ਅੱਜ ਮ੍ਰਿਤਕ ਪ੍ਰਾਣੀ ਦਾ ਭੋਗ ਪਾਇਆ ਜਾਣਾ ਹੈ। ਪਰ ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮ੍ਰਿਤਕ ਦਾ ਭੋਗ ਤਾਂ ਉਸੇ ਦਿਨ ਪੈ ਜਾਂਦਾ ਹੈ, ਜਿਸ ਦਿਨ ਉਸ ਦੀ ਮੌਤ ਹੋ ਜਾਂਦੀ ਹੈ। ਦੇਖਣ ਵਿਚ ਆਉਂਦਾ ਹੈ ਕਿ ਲੋਕ ਮ੍ਰਿਤਕ ਦਾ ਭੋਗ ਪਾਉਣ ਵਾਸਤੇ ਇਕੱਠੇ ਨਹੀਂ ਹੁੰਦੇ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਭੋਗ ਪਾਉਣ ਲਈ ਹੀ ਇਕੱਠੇ ਹੁੰਦੇ ਹਨ। ਚੰਗੇ-ਚੰਗੇ ਪ੍ਰਚਾਰਕ ਵੀ ਭੋਗ ਵਾਲੇ ਦਿਨ ਚੁੱਪ ਰਹਿਣ ਵਿਚ ਆਪਣੀ ਭਲਾਈ ਸਮਝਦੇ ਹਨ। ਭੋਗ ਵਾਲੇ ਦਿਨ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜਿੰਨੇ ਵੀ ਲੋਕ ਇਕੱਤਰ ਹੁੰਦੇ ਹਨ, ਉਹ ਸਾਰੇ ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਦੇ ਹੀ ਉਪਾਸ਼ਕ ਹੁੰਦੇ ਹਨ। ਉਨ੍ਹਾਂ ਵਿਚੋਂ ਇਕ ਵੀ ਵਿਅਕਤੀ ਸਿੱਖੀ ਦਾ ਗਾਹਕ ਨਹੀਂ ਹੁੰਦਾ। ਇਸ ਗੱਲ ਤੋਂ ਕੋਈ ਮੁੰਨਕਰ ਨਹੀਂ ਹੋ ਸਕਦਾ।
ਮੇਰਾ ਇਕ ਰਿਸ਼ਤੇਦਾਰ ਆਪਣੇ ਪਿੰਡ ਵਿਚ ਚਲਾਣਾ ਕਰ ਗਿਆ ਸੀ, ਜਿਸ ਕਰਕੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਰੰਭ ਕਰਾਇਆ ਹੋਇਆ ਸੀ। ਮ੍ਰਿਤਕ ਦਾ ਭੋਗ ਐਤਵਾਰ ਨੂੰ ਪੈਣਾ ਸੀ ਪਰ ਮੈਂ ਇਕ ਦਿਨ ਪਹਿਲਾਂ ਹੀ ਸ਼ਨੀਵਾਰ ਵਾਲੇ ਦਿਨ ਮ੍ਰਿਤਕ ਦੇ ਪਿੰਡ ਚਲਾ ਗਿਆ ਤਾਂ ਜੋ ਮ੍ਰਿਤਕ ਪ੍ਰਵਾਰ ਨੂੰ ਅਕਾਲ ਪੁਰਖ ਦੇ ਭਾਣੇ ਅਨੁਸਾਰ ਚਲਣ ਦੀ ਪ੍ਰੇਰਨਾ ਕੀਤੀ ਜਾ ਸਕੇ ਅਤੇ ਪ੍ਰਵਾਰ ਨੂੰ ਕੁੱਝ ਆਰਥਕ ਮਦਦ ਵੀ ਦਿੱਤੀ ਜਾ ਸਕੇ। ਪ੍ਰਵਾਰ ਵਿਚ ਬੈਠ ਕੇ ਕੁੱਝ ਗੁਰਮਤਿ ਵਿਚਾਰਾਂ ਕੀਤੀਆਂ ਜਿਹੜੀਆਂ ਸਾਰਿਆਂ ਨੂੰ ਚੰਗੀਆਂ ਲੱਗੀਆਂ।
ਜਦੋਂ ਸ਼ਾਮ ਹੋ ਗਈ ਤਾਂ ਮੈ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਹੁਣ ਮੈਂ ਵਾਪਸ ਘਰ ਜਾਣਾ ਹੈ ਅਤੇ ਕੱਲ ਨੂੰ ਭੋਗ ਵਾਲੇ ਦਿਨ ਨਹੀਂ ਆ ਸਕਦਾ। ਜਾਣ ਵਾਲੀ ਗੁੱਲ  ਸੁਣ ਕੇ ਸਾਰੇ ਕਹਿਣ ਲੱਗੇ, “ਗਿਆਨੀ ਜੀ ! ਤੁਸੀਂ ਭੋਗ ਵਾਲੇ ਦਿਨ ਜ਼ਰੂਰ ਆਉਣਾ ਹੈ।“ ਮੈਂ ਉਨ੍ਹਾਂ ਨੂੰ ਸਾਫ਼-ਸਾਫ਼  ਕਹਿ ਦਿੱਤਾ ਕਿ ਜੇਕਰ ਤੁਸੀਂ ਮੈਂਨੂੰ ਭੋਗ ਵਾਲੇ ਦਿਨ ਗੁਰਦੁਆਰੇ ਵਿਚ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਸਮਾਂ ਦਿਉਗੇ ਤਾਂ ਆ ਸਕਦਾ ਹਾਂ। ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਕੱਲ ਨੂੰ ਭੋਗ ਤੇ ਆਉਣ ਵਾਲੀ ਮੇਰੀ ਪੱਕੀ ਨਾਂਹ ਸਮਝੋ।
ਪ੍ਰਵਾਰ ਦੇ ਮੋਹਰੀ ਬੰਦਿਆਂ ਨੇ ਮੈਂਨੂੰ ਕਿਹਾ, “ਗਿਆਨੀ ਜੀ ! ਤੁਸੀਂ ਆਪਣੀ ਮਰਜ਼ੀ ਨਾਲ ਭਾਵੇਂ ਇਕ ਘੰਟਾ ਲੈਕਚਰ ਕਰ  ਲੈਣਾ ਪਰ ਭੋਗ ਵਿਚ ਜ਼ਰੂਰ ਸ਼ਾਮਲ ਹੋਣ ਹੈ।“ ਇਸ ਤਰ੍ਹਾਂ ਸਾਰਿਆਂ ਦੀ ਗੱਲ ਮੰਨਦੇ ਹੋਏ,  ਮੈਂ ਉਨ੍ਹਾਂ ਨਾਲ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ, ਆਪਣੇ ਘਰ ਵਾਪਸ ਆ ਗਿਆ।
ਕੀਤੇ ਵਾਅਦੇ ਅਨੁਸਾਰ ਮੈਂ ਅਗਲੇ ਦਿਨ ਦਿਨ ਫਿਰ ਮ੍ਰਿਤਕ ਪ੍ਰਵਾਰ ਦੇ ਪਿੰਡ ਪਹੁੰਚ ਗਿਆ। ਪਿੰਡ ਦੇ ਗੁਰਦੁਆਰੇ ਵਿਚ ਪ੍ਰੋਗਰਾਮ ਰੱਖਿਆ ਹੋਇਆ ਸੀ। ਗੁਰਦੁਆਰੇ ਵਿਚੋਂ ਕੀਰਤਨ ਦੀ ਅਵਾਜ਼ ਆ ਰਹੀ ਸੀ। ਮੈਂ ਪਹਿਲਾਂ ਘਰ ਵਿਚ ਜਾ ਕੇ ਜਿਵੇਂ ਹੀ ਆਪਣਾ ਮੋਟਰ-ਸਾਇਕਲ ਖੜ੍ਹਾ ਕੀਤਾ ਤਾਂ ਘਰ ਦੇ ਮੈਂਬਰ ਮੈਂਨੂੰ ਕਹਿਣ ਲੱਗੇ ਕਿ ਤੁਹਾਨੂੰ ਪਿੰਡ ਵਿਚ ਕਿਸੇ ਹੋਰ ਪ੍ਰੋਗਰਾਮ ਉਤੇ ਲੈਕਚਰ ਕਰਨ ਦਾ ਸਮਾਂ ਦੇਵਾਂਗੇ ਪਰ ਅੱਜ ਨਹੀਂ।
ਪ੍ਰਵਾਰ ਵੱਲੋਂ ਆਪਣੇ ਕੀਤੇ ਵਾਅਦੇ ਤੋਂ ਪਿੱਛੋ ਹੱਟ ਜਾਣ ਦੀ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ। ਸੋਚਿਆ ਕਿ ਜਿਹੜੇ ਕੱਲ ਮੈਂਨੂੰ ਭੋਗ ਵਿਚ ਸ਼ਾਮਲ ਹੋਣ ਲਈ ਮਜ਼ਬੂਰ ਕਰ ਰਹੇ ਸਨ ਅਤੇ ਆਪਣੀ ਮਰਜ਼ੀ ਨਾਲ ਲੈਕਚਰ ਕਰਨ ਲਈ ਸਮਾਂ ਵੀ ਦੇ ਰਹੇ ਸਨ, ਅੱਜ ਉਨ੍ਹਾਂ ਸਾਰਿਆਂ ਨੂੰ ਕੀ ਹੋ ਗਿਆ ਹੈ?
ਛੇਤੀ ਹੀ ਅਸਲ ਕਹਾਣੀ ਮੇਰੇ ਮਨ ਵਿਚ ਘੁੰਮਣ ਲਈ। ਹੋਇਆ ਇੰਝ ਕਿ ਮੇਰਾ ਸਹੁਰਾ ਪ੍ਰਵਾਰ ਅਤੇ ਹੋਰ-ਰਿਸ਼ਤੇਦਾਰ ਵੀ ਭੋਗ ਵਾਲੇ ਦਿਨ, ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸਨ। ਮੇਰੇ ਰਿਸ਼ਤੇਦਾਰਾਂ ਨੂੰ ਵੀ ਮੇਰੇ ਉੱਥੇ ਆਉਣ ਦੀ ਭਿਣਕ ਮਿਲ ਚੁੱਕੀ ਸੀ। ਇਸ ਤਰ੍ਹਾਂ ਉਹ ਮੇਰੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੂੰ ਮੇਰੇ ਵਿਰੁੱਧ ਉਲਟੀ ਪੱਟੀ ਪੜ੍ਹਾ ਚੁੱਕੇ ਸਨ ਕਿਉਂਕਿ ਮੈਂ ਆਪਣੇ ਸਹੁਰਾ ਸਾਹਿਬ ਦੇ ਅਕਾਲ ਚਲਾਣੇ ਸਮੇਂ ਕੀਤੀਆਂ ਜਾ ਰਹੀਆਂ ਰੀਤਾਂ-ਰਸਮਾਂ ਦਾ ਡੱਟ ਕੇ ਵਿਰੋਧ ਕੀਤਾ ਸੀ।
ਮਨ ਵਿਚ ਸੋਚਿਆ ਕਿ ਜਦ ਹੁਣ ਪਿੰਡ ਵਿਚ ਆ ਹੀ ਚੁੱਕਿਆ ਹਾਂ ਤਾਂ ਫਿਰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ। ਜਦੋਂ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਸੰਗਤ ਦਾ ਬਹੁਤ ਭਾਰੀ ਇਕੱਠ ਸੀ । ਮੱਥਾ ਟੇਕਣ ਉਪਰੰਤ ਕੀਰਤਨ ਕਰ ਰਹੇ ਸਿੰਘਾਂ ਦੇ ਲਾਗੇ ਜਾ ਕੇ ਬੈਠ ਗਿਆ। ਅਕਾਲ ਚਲਾਣੇ ਦੀ ਮਰਿਆਦਾ ਸਬੰਧੀ ਸੰਗਤ ਨੂੰ ਕੋਈ ਸਿੱਖਿਆ ਨਹੀਂ ਦਿੱਤੀ ਜਾ ਰਹੀ ਸੀ। ਕੇਵਲ ਕੀਰਤਨ ਕਰ ਕੇ ਹੀ ਅਕਾਲ ਚਲਾਣੇ ਦੀ ਰਸਮ ਪੂਰੀ ਕੀਤੀ ਕਰ ਦਿੱਤੀ ਗਈ ।
ਬੜੀ ਮੁਸ਼ਕਲ ਨਾਲ ਲੈਕਚਰ ਕਰਨ ਦਾ ਸਮਾਂ ਮਿਲਿਆ। ਅਕਾਲ ਚਲਾਣੇ ਦੀ ਮਰਿਆਦਾ ਸਬੰਧੀ ਸਿੱਖੀ-ਸਿਧਾਂਤਾਂ ਨੂੰ ਸੰਗਤ ਦੇ ਸਾਹਮਣੇ ਰੱਖਿਆ। ਜਿਉਂ-ਜਿਉਂ ਸਿੱਖੀ-ਸਿਧਾਂਤਾਂ ਅਨੁਸਾਰ ਮੈਂ ਲੈਕਚਰ ਕਰ ਰਿਹਾ ਸੀ ਤਾਂ ਗੁਰਦੁਆਰੇ ਦੇ ਗ੍ਰੰਥੀ ਅਤੇ ਕੀਰਤਨੀਏ ਸਿੰਘਾਂ ਨੇ ਬਾਹਰਲੇ ਸਪੀਕਰ ਦੀਆਂ ਤਾਰਾਂ ਨਾਲ ਛੇੜ-ਛਾੜ ਕਰ ਦਿੱਤੀ ਤਾਂ ਜੋ ਪਿੰਡ ਦੇ ਹੋਰ ਲੋਕਾਂ ਤੱਕ ਅਵਾਜ਼ ਨਾ ਪਹੁੰਚ ਸਕੇ। ਪਰ ਮੈਂ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠੀ ਸੰਗਤ ਦੇ ਸਨਮੁੱਖ ਸਦੀਆਂ ਪੁਰਾਣੀਆਂ ਹਿੰਦੂਮਤ ਦੀਆਂ ਰੀਤਾਂ-ਰਸਮਾਂ ਦਾ ਜ਼ਿਕਰ ਕੀਤਾ ਜਿਹੜੀਆਂ ਅੱਜ ਕਿਸੇ ਦੇ ਭੋਗ ਸਮੇਂ, ਸਿੱਖਾਂ ਵੱਲੋਂ ਸ਼ਰੇਆਮ ਕੀਤੀਆਂ ਜਾ ਰਹੀਆਂ ਹਨ। ਜਿਵੇਂ ਕਿ:-
  1. ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ ਤਾਂ ਉਸ ਨੂੰ ਮੰਜੇ ਤੋਂ ਉਤਾਰ ਕੇ ਜ਼ਮੀਨ ਤੇ ਰੱਖ ਦਿੱਤਾ ਜਾਂਦਾ ਹੈ।
  2. ਪ੍ਰਾਣੀ ਦੇ ਚਲਾਣਾ ਕਰਨ ਤੇ ਧਾਹ ਮਾਰਨੀ, ਰੋਣਾ-ਪਿੱਟਣਾ ਜਾਂ ਸਿਆਪਾ ਆਦਿ ਕਰਨਾ।
  3. ਮ੍ਰਿਤਕ ਪ੍ਰਾਣੀ ਦਾ ਸਸਕਾਰ ਕਰਨ ਸਮੇਂ ਦਿਨ-ਰਾਤ ਦਾ ਭਰਮ ਕਰਨਾ।
  4. ਮ੍ਰਿਤਕ ਪ੍ਰਾਣੀ ਨੂੰ ਇਸ਼ਨਾਨ ਕਰਾਉਣਾ ਅਤੇ ਨਵੇਂ ਕਪੜੇ ਪਹਿਨਾਣੇ।
  5. ਮ੍ਰਿਤਕ ਪ੍ਰਾਣੀ ਦੀ ਹਥੇਲੀ ਉੱਤੇ ਦੀਵੇ ਬਾਲਣੇ।
  6. ਮ੍ਰਿਤਕ ਪ੍ਰਾਣੀ ਦੇ ਪੈਰਾਂ ਵਿਚ ਪੈਸੇ ਰੱਖ ਕੇ, ਉਸ ਨੂੰ ਮੱਥੇ ਟੇਕਣੇ।
  7. ਬੁੱਢਾ ਮਰਨ ਤੇ ਬਬਾਨ ਕੱਢਣਾ, ਅਰਥੀ ਨਾਲ ਗੁਬਾਰੇ ਬੰਨਣਾ, ਮਖਾਣੇ ਆਦਿ ਸੁੱਟਣਾ।
  8. ਮ੍ਰਿਤਕ ਪ੍ਰਾਣੀ ਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣਾ। (ਸਿੱਖਾਂ ਵੱਲੋਂ ਨਵੀਂ ਰੀਤ)
  9. ਅੱਧ ਮਾਰਗੀ ਘੜਾ ਭੰਨਣਾ ਅਤੇ ਉੱਚੀ ਧਾਹ ਮਾਰਨੀ।
  10. ਸ਼ਮਸ਼ਾਨ ਘਾਟ ਜਾ ਕੇ ਮ੍ਰਿਤਕ ਪ੍ਰਾਣੀ ਦੇ ਮੂੰਹ ਤੋਂ ਕਫ਼ਨ ਹਟਾ ਕੇ ਦਰਸ਼ਨ ਕਰਨੇ ਅਤੇ ਮੱਥੇ ਟੇਕਣੇ।
  11. ਮ੍ਰਿਤਕ ਪ੍ਰਾਣੀ ਦੀ ਚਿਤਾ ਵਿਚ ਘਾਹ ਦੇ ਤੀਲੇ ਸੁਟਣੇ।
  12. ਆਤਮਾ ਨੂੰ ਭਜਾਉਣ ਵਾਸਤੇ ਮ੍ਰਿਤਕ ਪ੍ਰਾਣੀ ਦੀ ਖੋਪਰੀ ਵਿਚ ਲਾਠੀ ਮਾਰਨੀ।
  13. ਸਸਕਾਰ ਤੋਂ ਬਾਅਦ ਮ੍ਰਿਤਕ ਦੀਆਂ ਸੜਣ ਤੋਂ ਬਚੀਆਂ ਹੱਡੀਆਂ (ਫੁੱਲ) ਚੁਗਣ ਸਮੇਂ ਕਚੀ ਲੱਸੀ ਦਾ ਛਿੜਕਾ ਕਰਨਾ।
  14. ਬਚੀਆਂ ਹੱਡੀਆਂ (ਫੁੱਲ)ਚੁਗਣ ਉਪਰੰਤ ਉਨ੍ਹਾਂ ਨੂੰ ਗੰਗਾ ਜਾਂ ਪਾਤਾਲਪੁਰੀ ਆਦਿ ਥਾਵਾਂ ਤੇ ਜਲ ਪ੍ਰਵਾਹ ਕਰਨ ਲਈ ਲੈ ਕੇ ਜਾਣਾ।
  15. ਗੰਗਾ ਜਾਂ ਪਾਤਾਲਪੁਰੀ ਹੱਡੀਆਂ(ਫੁੱਲ) ਪਾਉਣ ਸਮੇਂ ਮ੍ਰਿਤਕ ਪ੍ਰਾਣੀ ਨੂੰ ਅਵਾਜ਼ ਮਾਰ ਕੇ, ਗੱਡੀ ਵਿਚ ਚੜ੍ਹਣ ਲਈ ਕਹਿਣਾ।
  16. ਸਫ਼ਰ ਸਮੇਂ ਮ੍ਰਿਤਕ ਪ੍ਰਾਣੀ ਦੀ ਇਕ ਵਾਧੂ ਟਿਕਟ ਲੈਣੀ ਅਤੇ ਮ੍ਰਿਤਕ ਲਈ ਰੱਖੀ ਖਾਲੀ ਸੀਟ ਉਤੇ ਕਿਸੇ ਹੋਰ ਸਵਾਰੀ ਨੂੰ ਬੈਠਣ ਨਾ ਦੇਣਾ।
  17. ਹੱਡੀਆਂ (ਫੁੱਲ) ਜਲ ਪ੍ਰਵਾਹ ਕਰਨ ਤੋਂ ਪਹਿਲਾਂ ਅਰਦਾਸ ਕਰਨੀ।
  18. ਮ੍ਰਿਤਕ ਪ੍ਰਾਣੀ ਦੀ ਆਤਮਾ ਦੀ ਸ਼ਾਤੀ ਲਈ ਘਰ ਵਿਚ ਪਾਠ ਕਰਾਉਣਾ।
  19. ਮ੍ਰਿਤਕ ਦਾ ਭੋਗ ਪਾਉਣ ਸਮੇਂ ਗ਼ਰੀਬ ਲੋਕਾਂ ਵੱਲੋਂ ਕਰਜ਼ੇ ਲੈ ਕੇ, ਭੋਗ ਪਾਉਣ ਦੀ ਰਸਮ ਪੂਰੀ ਕਰਨੀ।
  20. ਭੋਗ ਵਾਲੇ ਦਿਨ, ਮ੍ਰਿਤਕ ਪ੍ਰਾਣੀ ਨੂੰ ਭਾਂਡੇ-ਬਿਸਤਰੇ, ਫਲ-ਫਰੂਟ, ਛੱਤਰੀ ਅਤੇ ਜੁੱਤੀਆਂ ਦਾ ਜੋੜਾ ਦੇਣਾ।
  21. ਮ੍ਰਿਤਕ ਦੇ ਭੋਗ ਸਮੇਂ ਲੜਕੀ ਵਾਲਿਆਂ ਵੱਲੋਂ ਮ੍ਰਿਤਕ ਦੇ ਪ੍ਰਵਾਰ ਨੂੰ ਗਹਿਣੇ ਆਦਿ ਪਾਉਣੇ।
  22. ਭੋਗ ਵਾਲੇ ਦਿਨ ਪਗੜੀਆਂ ਦੇਣੀਆਂ ਅਤੇ ਮ੍ਰਿਤਕ ਦੇ ਪ੍ਰਵਾਰ ਵਿਚ ਵੱਡੇ ਲੜਕੇ ਨੂੰ ਪਗੜੀ ਬੰਨਣ ਦੀ ਰਸਮ ਕਰਨੀ।
  23. ਸਾਲ ਬਾਅਦ ਮ੍ਰਿਤਕ ਪ੍ਰਾਣੀ ਦੀ ਯਾਦ ਵਿਚ ਬਰਸੀਆਂ ਮਨਾਉਣੀਆਂ।
  24. ਹਰ ਸਾਲ ਮ੍ਰਿਤਕ ਪ੍ਰਾਣੀ ਲਈ ਸ਼ਰਾਧ ਕਰਨੇ ਆਦਿ।
ਉਕਤ ਸਾਰੀਆਂ ਰੀਤਾਂ-ਰਸਮਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਇਹ ਸਾਰੀਆਂ ਰੀਤਾਂ-ਰਸਮਾਂ ਧਰਮ ਦੇ ਨਾਂ ਤੇ ਹਿੰਦੂ ਲੋਕ ਸਦੀਆਂ ਤੋਂ ਕਰਦੇ ਆ ਰਹੇ ਹਨ। ਜੇਕਰ ਕੋਈ ਗੁਰਮਤਿ ਦਾ ਧਾਰਨੀ ਸਿੱਖ, ਕਿਸੇ ਦੇ ਚਲਾਣੇ ਜਾਂ ਭੋਗ ਸਮੇਂ ਉਕਤ ਰੀਤਾਂ-ਰਸਮਾਂ ਨਾ ਕਰਨ ਦੀ ਸਲਾਹ ਦੇਂਦਾ ਹੈ ਤਾਂ ਅਗਿਆਨੀ ਲੋਕ ਸਮਝਣ ਦੀ ਥਾਂ ਝਗੜਾ ਕਰਕੇ ਬੈਠ ਜਾਂਦੇ ਹਨ। ਕਹਿਣ ਲੱਗ ਪੈਂਦੇ ਹਨ ਕਿ ਗੁਰਬਾਣੀ ਦੇ ਦੋ ਅੱਖਰ ਪੜ੍ਹ ਕੇ ਦੂਜਿਆਂ ਨੂੰ ਸਿੱਖਿਆ ਦੇਣ ਲੱਗ ਪੈਂਦੇ ਹਨ। ਸਾਡੀ ਸਾਰੀ ਜ਼ਿੰਦਗੀ ਇਨ੍ਹਾਂ ਕੰਮਾਂ ਵਿਚ ਨਿਕਲ ਗਈ ਹੈ। ਇਹ ਰੀਤਾਂ-ਰਸਮਾਂ ਸਦੀਆਂ ਤੋਂ ਚਲੀਆਂ ਆ ਰਾਹੀਂਆਂ ਹਨ। ਅਸੀਂ ਇਹ ਪਿਤਾ-ਪੁਰਖੀ ਰੀਤਾਂ-ਰਸਮਾਂ ਜ਼ਰੂਰ ਕਰਾਂਗੇ। ਸਾਨੂੰ ਇਹ ਰੀਤਾਂ-ਰਸਮਾਂ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਨਪੜ੍ਹ ਲੋਕ ਤਾਂ ਆਪਣੀ ਅਗਿਆਨਤਾ ਕਾਰਣ ਅਜਿਹਾ ਕਰਦੇ ਹਨ ਪਰ ਪੜ੍ਹੇ-ਲਿਖੇ ਡਿਗਰੀਆਂ ਵਾਲੇ ਵੀ ਅਗਿਆਨੀ ਲੋਕਾਂ ਦੀ ਰੀਸ ਵਿਚ ਦੇਖਾ-ਦੇਖੀ ਸਾਰੀਆਂ ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਕਰੀ ਜਾਂਦੇ ਹਨ।
ਹੁਣ ਗੱਲ ਕਰਦੇ ਹਾਂ ਕਿ ਸਿੱਖ ਹੋਣ ਦੇ ਨਾਤੇ ਕਿਸੇ ਪ੍ਰਾਣੀ ਦੇ ਚਲਾਣੇ ਉਪਰੰਤ ਸਾਨੂੰ ਸਿੱਖੀ (ਗੁਰਮਤਿ) ਅਨੁਸਾਰ ਕੀ ਕਰਨਾ ਚਾਹੀਦਾ ਹੈ?
(1)    ਸਿੱਖ, ਰਜ਼ਾ ਵਿਚ ਚੱਲਣ ਵਾਲਾ ਮਨੁੱਖ ਹੈ :-
ਗੁਰਬਾਣੀ ਦਾ ਫ਼ੁਰਮਾਨ ਹੈ:-
        ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। ਗੁਗ੍ਰੰਸਾਪੰਨਾ– 472 )
ਅਰਥਾਤ ਜੀਵਾਂ ਦਾ ਜੰਮਣਾ ਅਤੇ ਮਰਨਾ ਪ੍ਰਭੂ ਦੇ ਹੁਕਮ ਵਿਚ ਹੈ, ਪ੍ਰਭੂ ਜੀ ਰਜ਼ਾ ਵਿਚ ਹੀ ਜੀਵ ਜੰਮਦਾ ਅਤੇ ਮਰਦਾ ਹੈ।
        ਘਲੈ ਆਵਹਿ ਨਾਨਕਾ ਸਦੇ ਉਠੀ ਜਾਹਿ।। ( ਗੁਗ੍ਰੰਸਾਪੰਨਾ -1239 )
ਅਰਥਾਤ ਹੇ ਨਾਨਕ ! ਉਸ ਮਾਲਕ ਦੇ ਭੇਜੇ ਹੋਏ, ਇਸ ਜਗਤ ਵਿਚ ਆ ਜਾਂਦੇ ਹਨ ਅਤੇ ਉਸ ਦੇ ਬੁਲਾਏ ਹੋਏ, ਇਥੋਂ ਉੱਠ ਕੇ ਤੁਰ ਪੈਂਦੇ ਹਨ।
         ਹੁਕਮੈ ਆਵੈ ਹੁਕਮੈ ਜਾਵੈ।। ਬੁਝੈ ਹੁਕਮੁ ਸੋ ਸਾਚਿ ਸਮਾਵੈ।। ( ਗੁਗ੍ਰੰਸਾਪੰਨਾ 1025 )
ਅਰਥਾਤ ਸੰਸਾਰ ਵਿਚ ਹਰੇਕ ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਜਗਤ ਵਿਚ ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜਿਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਉਸ ਪ੍ਰਭੂ ਵਿਚ ਹੀ ਲੀਨ ਹੋ ਜਾਂਦਾ ਹੈ।
(2)     ਮੌਤ ਦਾ ਸਮਾਂ ਨਿਸ਼ਚਿਤ ਹੈ :-
         ਗੁਰਬਾਣੀ ਦਾ ਫ਼ੁਰਮਾਨ ਹੈ:
         ਮਰਣੁ ਲਿਖਾਇ ਮੰਡਲ ਮਹਿ ਆਇ।। ( ਗੁਗ੍ਰੰਸਾਪੰਨਾ  685 )
ਅਰਥਾਤ ਜਿਹੜਾ ਵੀ ਜੀਵ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ, ਉਸ ਦਾ ਅੰਤ ਹੋਣਾ ਨਿਸ਼ਚਿਤ ਹੈ।
         ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ।। ( ਗੁਗ੍ਰੰਸਾਪੰਨਾ1363 )
ਅਰਥਾਤ ਜਿਸ ਮਨੁੱਖ ਦੀ ਉਮਰ (ਬਚਪਨ, ਜਵਾਨੀ, ਬੁਢਾਪਾ) ਵਿਚ ਪੂਰੀ ਹੋ ਜਾਵੇ, ਉਹ ਮੌਤ ਦੇ ਵਾਰ ਤੋਂ ਬਚ ਨਹੀਂ ਸਕਦਾ।
          ਆਵਤੁ ਕਿਨੇ ਨਾ ਰਾਖਿਆ ਜਾਵਤੁ ਕਿਉ ਰਾਖਿਆ ਜਾਇ।। ਗੁਗ੍ਰੰਸਾਪੰਨਾ 1329 )
ਅਰਥਾਤ ਮੌਤ ਤੋਂ ਕੋਈ ਮਨੁੱਖ ਕਿਸੇ ਨੂੰ ਬਚਾ ਨਹੀਂ ਸਕਦਾ, ਮੌਤ ਆਉਣੀ ਹੀ ਆਉਣੀ ਹੈ।
          ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ।। ( ਗੁਗ੍ਰੰਸਾਪੰਨਾ 474 )
ਅਰਥਾਤ ਜਿਹੜਾ ਵੀ ਜੀਵ ਇਸ ਜਗਤ ਵਿਚ ਪੈਦਾ ਹੋਇਆ ਹੈ, ਉਨ੍ਹਾਂ ਸਾਰਿਆਂ ਨੇ ਆਪੋ ਆਪਣੀ ਵਾਰੀ ਆਉਣ ਤੇ ਇਸ ਜਗਤ ਵਿਚੋਂ ਚਲੇ ਜਾਣਾ ਹੈ।
(3)      ਮੌਤ ਦਾ ਕਾਰਣ :-
ਮੌਤ ਦਾ ਕਾਰਣ ਕੋਈ ਵੀ ਬਣ ਸਕਦਾ ਹੈ। ਉਮਰ ਭੋਗ ਕੇ ਮਰਨਾ। ਕਿਸੇ ਰੋਗ ਨਾਲ ਮਰਨਾ। ਬਚਪਨ ਜਾਂ ਜਵਾਨੀ ਵਿਚ ਮਰਨਾ। ਦਿਲ ਦੀ ਧੜਕਣ ਬੰਦ ਹੋਣ ਜਾਣ ਕਰਕੇ, ਅਚਾਨਕ ਮੌਤ ਹੋ ਜਾਣੀ। ਦੁਰਘਟਨਾ ਨਾਲ ਮੌਤ ਹੋ ਜਾਣੀ। ਨਸ਼ਿਆਂ ਕਾਰਣ ਮੌਤ ਹੋ ਜਾਣੀ। ਆਪਸੀ ਲੜਾਈ-ਝਗੜਿਆਂ ਕਾਰਣ ਮੌਤ ਹੋ ਜਾਣੀ। ਸਰੀਰਕ ਜਾਂ ਮਾਨਸਿਕ ਰੋਗਾਂ ਜਾਂ ਘਰੇਲੂ ਪ੍ਰੇਸ਼ਾਨੀਆਂ ਕਾਰਣ ਆਤਮ ਹੱਤਿਆ ਕਰ ਲੈਣੀ।ਅਨਜਾਣੇ ਵਿਚ ਕੋਈ ਕੰਮ ਕਰਦੇ ਸਮੇਂ ਮੌਤ ਦਾ ਸ਼ਿਕਾਰ ਹੋ ਜਾਣਾ।  ਲੜਾਈ ਜਾਂ ਮਦਾਨੇ ਜੰਗ ਵਿਚ ਆਪਣੇ ਦੇਸ਼, ਧਰਮ ਜਾਂ ਕੌਮ ਲਈ ਮਰ-ਮਿਟਣਾ ਆਦਿ। ਕਾਰਨ ਕੋਈ ਵੀ ਬਣ ਜਾਵੇ ਪਰ ਇਹ ਸੱਚ ਹੈ ਕਿ ਮੌਤ ਅਕਾਲਪੁਰਖ ਦੇ ਹੁਕਮ ਵਿਚ ਹੀ ਹੁੰਦੀ ਹੈ। ਉਸ ਦੇ ਹੁਕਮ ਤੋਂ ਬਿਨਾਂ ਕੋਈ ਮਨੁੱਖ ਆਪਣਾ ਸਰੀਰ ਨਹੀਂ ਤਿਆਗ ਸਕਦਾ। ਮੌਤ ਦਾ ਕਾਰਣ ਬਨਾਉਣ ਵਾਲਾ ਅਕਾਲਪੁਰਖ ਆਪ ਹੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:-
      ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ।।
      ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ।। ਗੁਗ੍ਰੰਸਾਪੰਨਾ 148 )
ਅਰਥਾਤ ਹੇ ਨਾਨਕ !  ਜਿਹੜਾ ਪ੍ਰਭੂ ਜਗਤ ਦਾ ਮੂਲ ਹੈ ਅਤੇ ਸਭ ਕੁੱਝ ਕਰਨ ਦੇ ਸਮਰੱਥ ਹੈ, ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਉਣਾ ਹੈ, ਜਿਸ ਨੇ ਸਾਰੇ  ਜਗਤ ਵਿਚ ਆਪਣੀ ਸੱਤਿਆ ਟਿਕਾਈ ਹੋਈ ਹੈ, ਉਸ  ਦਾ ਧਿਆਨ ਧਰੋ।
(4)     ਮੌਤ ਬੜੀ ਅਜੀਬ ਹੈ :-
ਪ੍ਰਵਾਰਕ ਮੈਂਬਰਾਂ, ਸਾਕ-ਸਬੰਧੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ  ਜਿਹੜੇ ਲੋਕ ਹੱਦੋਂ ਵੱਧ ਪਿਆਰ ਕਰਦੇ ਹਨ, ਕਿਸੇ ਦੇ ਚਲਾਣੇ ਉਪਰੰਤ ਉਹੀ ਉਸ ਨੂੰ ਸ਼ਮਸ਼ਾਨਘਾਟ ਵਿਚ ਆਪਣੇ ਹੱਥਾਂ ਨਾਲ ਸਾੜ ਆਉਦੇ ਹਨ। ਕੋਈ ਵੀ ਮ੍ਰਿਤਕ ਨੂੰ ਆਪਣੇ ਘਰ ਜ਼ਿਆਦਾ ਦੇਰ ਰੱਖਣਾ ਨਹੀਂ ਚਾਹੁੰਦਾ। ਗੁਰਬਾਣੀ ਦਾ ਫੁਰਮਾਨ ਹੈ:-
          ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ  ਪ੍ਰੇਤਿ ਪੁਕਾਰਿ।।
          ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ।। ਗੁਗ੍ਰੰਸਾਪੰਨਾ 536 )
ਅਰਥਾਤ ਮੌਤ ਆਉਣ ਤੇ ਜਦੋਂ ਜ਼ਿੰਦ ਸਰੀਰ ਨਾਲੋਂ ਵੱਖ ਹੋ ਜਾਂਦੀ ਹੈ ਤਾਂ ਸਬੰਧੀ ਉੱਚੀ-ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ, ਇਹ ਪੂਰਾ ਹੋ ਚੁੱਕਾ ਹੈ। ਕੋਈ ਵੀ ਸਬੰਧੀ ਅੱਧੀ ਘੜੀ ਲਈ ਵੀ, ਉਸ ਮੁਰਦਾ ਸਰੀਰ ਨੂੰ ਘਰ ਰੱਖਣ ਲਈ ਤਿਆਰ ਨਹੀਂ ਹੁੰਦਾ। ਸਾਰੇ ਉਸ ਨੂੰ ਘਰ ਵਿਚੋਂ ਕੱਢਣ ਦੀ ਗੱਲ ਕਰਦੇ ਹਨ।
          ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ।।
          ਘਟ ਫੂਟੇ ਕੋਊ ਬਾਤ ਨਾ ਪੁਛੈ ਕਾਢਹੁ ਕਾਢਹੁ ਹੋਈ।। ਗੁਗ੍ਰੰਸਾਪੰਨਾ 478 )
ਅਰਥਾਤ  ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਓ? ਅਤੇ ਕਿਸ ਦੀ ਵਹੁਟੀ? ਜਦੋਂ ਦੇਹ ਰੂਪੀ ਭਾਂਡਾ ਭੱਜਦਾ ਹੈ ਤਾਂ ਕੋਈ ਵੀ ਇਸ ਦੀ ਬਾਤ ਨਹੀਂ ਪੁੱਛਦਾ ਤਦੋਂ ਸਾਰੇ ਪਾਸਿਓਂ ਇਹੀ ਆਵਾਜ਼ ਆਉਦੀ ਹੈ, ਇਸ ਨੂੰ ਛੇਤੀ ਬਾਹਰ ਕੱਢੋ।
(5)      ਸਿੱਖ ਨੇ ਰੋਣਾ ਨਹੀਂ :-
ਗੁਰਬਾਣੀ ਦਾ ਫ਼ੁਰਮਾਨ ਹੈ:
          ਜਿਨ੍ਹੀ ਪਛਾਤਾ ਹੁਕਮੁ  ਤਿਨ੍ਹ ਕਦੇ ਨ ਰੋਵਣਾ।। ਗੁਗ੍ਰੰਸਾਪੰਨਾ 523 )
ਅਰਥਾਤ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ, ਉਹ ਕਦੇ ਪਛੁਤਾਂਦੇ (ਭਾਵ ਰੋਂਦੇ)ਨਹੀਂ।
           ਸਤਿਗੁਰਿ ਭਾਣੈ ਆਪਣੇ ਬਹਿ ਪਰਵਾਰੁ ਸਦਾਇਆ।।
           ਮਤ ਮੈਂ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ।।  ਗੁਗ੍ਰੰਸਾਪੰਨਾ 923 )
ਅਰਥਾਤ ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ ਸਾਰੇ ਪ੍ਰਵਾਰ ਨੂੰ ਸੱਦ ਘੱਲਿਆ ਅਤੇ ਆਖਿਆ “ਮੇਰੇ ਪਿਛੋਂ ਕਿਸੇ ਨੇ ਰੋਣਾ ਨਹੀਂ ਕਿਉਕਿ ਮੈਂਨੂੰ ਰੋਣ ਵਾਲਾ ਉੱਕਾ ਹੀ ਚੰਗਾ ਨਹੀਂ ਲਗਦਾ।
ਜਿਹੜੇ ਮੌਤ ਦੇ ਸਦੀਵੀ ਸੱਚ ਨੂੰ ਨਾ ਸਮਝਦੇ ਹੋਏ, ਰੋਂਦੇ-ਪਿੱਟਦੇ ਹਨ, ਉਹ ਲੋਕ ਸਾਰੀ ਉਮਰ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਦੁੱਖੀ ਹੁੰਦੇ-ਰਹਿੰਦੇ ਹਨ। ਮੌਤ ਦਾ ਕਾਰਣ ਕੋਈ  ਵੀ ਬਣ ਸਕਦਾ ਹੈ। ਪਰ ਦੇਖਿਆ ਗਿਆ ਹੈ ਕਿ ਪ੍ਰਵਾਰ ਵਾਲੇ ਰੱਬ ਨੂੰ ਉਲ੍ਹਾਮੇ ਦੇਣ ਲੱਗ ਪੈਂਦੇ ਹਨ । ਜਿਵੇਂ ਹੇ ਰੱਬਾ ! ਤੈਂਨੂੰ ਸਾਡਾ ਘਰ ਹੀ ਲੱਭਿਆ ਸੀ । ਰੱਬਾ ! ਅਸੀਂ ਤੇਰਾ ਕੀ ਵਿਗਾੜਿਆ ਸੀ? ਰੱਬਾ ! ਤੂੰ ਸਾਡੇ  ਤੋਂ ਕਿਹੜੇ ਜਨਮ ਦਾ ਬਦਲਾ ਲਿਆ ਹੈ? ਰੱਬਾ ! ਅਸੀ ਤੇਰੇ ਕਿਹੜੇ ਮਾਂਹ ਪੁੱਟੇ ਸਨ ਸਾਡੇ ਨਾਲ ਅਜਿਹਾ ਕਿਉਂ ਕੀਤਾ ਹੈ? ਕਈ ਤਾਂ ਰੱਬ ਨੂੰ ਸ਼ਰੇਆਮ ਗਾਲ੍ਹਾਂ ਕੱਢ ਕੇ ਆਪਣੇ ਮਨ ਦੀ ਭੜਾਸ ਕੱਢ ਕੇ ਅਤੇ ਰੋ ਕੇ ਆਪਣੀ ਹਾਲਤ ਵਿਗਾੜ ਲੈਂਦੇ ਹਨ। ਪਰ ਇਹ ਸਭ ਕੁੱਝ ਕਰਨ ਜਾਂ ਕਹਿਣ ਨਾਲ ਮ੍ਰਿਤਕ ਪ੍ਰਾਣੀ ਵਾਪਸ ਨਹੀਂ ਆਉਂਦਾ ਅਤੇ ਨਾ ਹੀ ਜਿਊਂਦਾ ਹੁੰਦਾ ਹੈ।  ਇਸ ਲਈ ਰੋਣਾ-ਧੋਣਾ ਅਤੇ ਰੱਬ ਨੂੰ ਉਲ੍ਹਾਮੇ ਦੇਣ ਦਾ ਕੰਮ ਵਿਆਰਥ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:
            ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪਿੰਡ ਪਰਾਲਿ।। ( ਗੁਗ੍ਰੰਸਾਪੰਨਾ– 15 )
ਅਰਥਾਤ ਕਿਸੇ ਪ੍ਰਾਣੀ ਦੇ ਮਰਨ ਪਿੱਛੋਂ ਇਸ ਨੂੰ ਰੋਣ ਵਾਲੇ ਸਾਰੇ ਹੀ ਸਬੰਧੀ ਪਰਾਲੀ ਦੀਆਂ ਪੰਡਾਂ ਹੀ ਚੁੱਕਦੇ ਹਨ ਕਿਉਂਕਿ ਮਰਨ ਵਾਲੇ ਨੂੰ ਰੋਣ ਵਾਲਿਆਂ ਦੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ।
ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲਾ ਮਨੁੱਖ, ਕਿਸੇ ਪ੍ਰਾਣੀ ਦੀ ਮੌਤ ਤੇ ਰੱਬ ਨੂੰ ਉਲ੍ਹਾਮੇ ਨਹੀਂ ਦੇਂਦਾ। ਮੌਤ ਨੂੰ ਰੱਬੀ ਹੁਕਮ ਮੰਨਦਾ ਹੋਇਆ, ਰਜ਼ਾ ਵਿਚ ਰਹਿੰਦਾ ਹੈ।
(6)        ਮੌਤ ਦਾ ਡਰ :-
ਇਹ ਸੱਚ ਹੈ ਜੋ ਪੈਦਾ ਹੋਇਆ ਹੈ, ਉਸ ਨੇ ਇਕ ਦਿਨ ਜ਼ਰੂਰ ਖ਼ਤਮ ਹੋ ਜਾਣਾ ਹੈ। ਸੰਸਾਰ ਦਾ ਹਰ ਜੀਵ ਮਰਨ ਤੋਂ ਡਰਦਾ ਹੈ। ਜੰਗਲ ਦਾ ਸ਼ੇਰ ਹੋਰ ਜੀਵਾਂ ਨੂੰ ਮਾਰ ਕੇ ਖਾ ਜਾਂਦਾ ਹੈ। ਇਸ ਲਈ ਜੰਗਲ ਦਾ ਹਰ ਜੀਵ  ਸ਼ੇਰ ਤੋਂ ਬਚਣ ਲਈ ਆਪਣਾ ਬਚਾਅ ਕਰਦਾ ਹੈ, ਭੱਜਦਾ ਹੈ, ਲੁਕਦਾ ਹੈ ਪਰ ਆਖਰ ਸ਼ੇਰ ਦੇ ਮੂੰਹ ਵਿਚ ਆ ਜਾਂਦਾ ਹੈ। ਮਾਰਿਆਂ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ, ਉਸ ਦਾ ਵੀ ਕੋਈ ਪਤਾ ਨਹੀਂ ਕਦੋਂ ਮੌਤੇ ਦੇ ਮੂੰਹ ਵਿਚ ਆ ਜਾਵੇ। ਸੰਸਾਰ ਦਾ ਹਰ ਮਨੁੱਖ ਆਪਣੀ ਮੌਤ ਤੋਂ ਬਚਣ ਲਈ ਅਨੇਕਾਂ ਉਪਰਾਲੇ ਕਰਦਾ ਹੈ। ਗੁਰੂ ਦਾ ਸਿੱਖ ਆਪਣੇ ਸਰੀਰਕ ਰੋਗਾਂ ਅਤੇ ਸਰੀਰਕ ਬਚਾਅ ਲਈ ਆਪਣੇ ਆਪ ਦਾ ਬਚਾਅ ਕਰਦਾ ਹੈ। ਡਾਕਟਰ ਵੀ ਮਰੀਜ਼ ਨੂੰ ਸਰੀਰਕ ਰੋਗਾਂ ਤੋਂ ਬਚਾਉਂਦਾ ਹੈ ਪਰ ਜਦੋਂ ਕਿਸੇ ਦੀ ਮੌਤ ਆਉਣੀ ਹੈ, ਤਦੋਂ ਡਾਕਟਰ ਵੀ ਕਿਸੇ ਨੂੰ ਮੌਤ ਦੇ ਵਾਰ ਤੋਂ ਬਚਾ ਨਹੀਂ ਸਕਦਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹਰ ਇਕ ਮਨੁੱਖ ਨੂੰ ਮੌਤ ਦੀ ਸਚਾਈ ਦੱਸ ਕੇ, ਡਰ ਰਹਿਤ ਜੀਵਨ ਬਤੀਤ ਕਰਨ ਲਈ ਮਨੁੱਖ ਨੂੰ ਅਕਾਲਪੁਰਖ ਦੀ ਰਜ਼ਾ ਵਿਚ ਚੱਲਣ ਦਾ ਉਪਦੇਸ਼ ਦੇਂਦੀ ਹੈ। ਸਿੱਖ ਲਈ ਮੌਤ ਇਕ ਤਬਦੀਲੀ ਹੈ। ਸਿੱਖ ਇਕ ਹੁਕਮੀ ਬੰਦਾ ਹੈ, ਉਹ ਮੌਤ ਨੂੰ ਅਕਾਲਪੁਰਖ ਦੀ ਰਜ਼ਾ ਮੰਨਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹਨ:
          ਜੰਮਣੁ ਮਰਣਾ ਹੁਕਮ ਹੈ ਭਾਣੈ ਆਵੈ ਜਾਇ।। ( ਗੁਗ੍ਰੰਸਾਪੰਨਾ– 472 )
ਅਰਥਾਤ ਜੀਵਾਂ ਦਾ ਜੰਮਣਾ ਅਤੇ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਜੀ ਰਜ਼ਾ ਵਿਚ ਹੀ ਜੀਵ ਜੰਮਦਾ ਅਤੇ ਮਰਦਾ ਹੈ।
ਆਵਨ ਜਾਨੁ ਇਕੁ ਖੇਲੁ ਬਣਾਇਆ।।
ਆਗਿਆਕਾਰੀ ਕੀਨੀ ਮਾਇਆ।। ਗੁਗ੍ਰੰਸਾਪੰਨਾ– 294 )
ਅਰਥਾਤ ਜੀਵਾਂ ਦਾ ਜੰਮਣਾ ਅਤੇ ਮਰਨਾ, ਪ੍ਰਭੂ ਨੇ ਇਕ ਖੇਡ ਬਣਾਈ ਹੈ ਅਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
ਨਹ ਕਿਛੁ ਜਨਮੈ ਨਹ ਕਿਛੁ ਮਰੈ।।
ਆਪਨ ਚਲਿਤੁ ਆਪ ਹੀ ਕਰੈ।। ਗੁਗ੍ਰੰਸਾਪੰਨਾ– 281 )
ਅਰਥਾਤ ਨਾਂਹ ਕੁੱਝ ਜੰਮਦਾ ਹੈ ਅਤੇ ਨਾਂਹ ਹੀ ਕੁੱਝ ਮਰਦਾ ਹੈ। ਇਹ ਜਨਮ-ਮਰਨ ਦੀ ਖੇਡ ਤਾਂ ਪ੍ਰਭੂ ਆਪ ਹੀ ਖੇਡ ਰਿਹਾ ਹੈ।
 (7)     ਸਸਕਾਰ ਕਰਨ ਉਪਰੰਤ ਸਿੱਖ ਨੇ ਹੋਰ ਕੋਈ ਕਰਮ-ਕਾਂਡ ਨਹੀਂ ਕਰਨਾ :-
ਸਿੱਖ ਨੇ ਆਪਣਾ ਫ਼ਰਜ਼ ਸਮਝਦੇ ਹੋਏ, ਕਿਸੇ ਮ੍ਰਿਤਕ ਪ੍ਰਾਣੀ ਦਾ ਸਸਕਾਰ ਕਰਨ ਲਈ ਉਸ ਨੂੰ ਅਗਨ ਭੇਟ ਕਰ ਦੇਣਾ ਹੈ ਜਾਂ ਹਾਲਾਤ ਮੁਤਾਬਕ ਠੀਕ ਸਮਝਦੇ ਹੋਏ, ਉਸ ਦਾ ਸਸਕਾਰ ਕਰ ਦੇਣਾ ਹੈ। ਮ੍ਰਿਤਕ ਦਾ ਸਸਕਾਰ ਕਰਨ ਸਮੇਂ ਕੋਈ ਵਹਿਮ-ਭਰਮ, ਪਖੰਡ, ਕਰਮ-ਕਾਂਡ ਆਦਿ ਨਹੀਂ ਕਰਨਾ। ਮ੍ਰਿਤਕ ਪ੍ਰਾਣੀ ਦੇ ਫੁੱਲ ਨਹੀਂ ਚੁਗਣੇ ਅਤੇ ਨਾਂਹ ਹੀ ਗੰਗਾ ਪਾਤਲਪੁਰੀ ਪਾਉਣੇ ਹਨ ਕਿਉਂਕਿ ਫੁੱਲ ਪਾਉਣ ਨਾਲ ਮ੍ਰਿਤਕ ਪ੍ਰਾਣੀ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਲਈ ਮ੍ਰਿਤਕ ਦੀ ਸਾਰੀ ਸੁਆਹ ਇਕੱਠੀ ਕਰਕੇ ਸ਼ਮਸ਼ਾਨਘਾਟ ਵਿਚ ਹੀ ਟੋਆ ਪੁੱਟ ਕੇ ਦਬਾ ਦੇਣੀ ਚਾਹੀਦੀ ਹੈ।
ਮੁਰਦਿਆਂ ਦੀਆਂ ਹੱਡੀਆਂ ਨੂੰ ਪਾਣੀ  ਵਿਚ ਵਹਾਉਣ ਨਾਲ ਮੁਕਤੀ ਨਹੀਂ ਮਿਲਦੀ। ਜਿਹੜੇ ਮੁਰਦੇ ਦੀਆਂ ਹੱਡੀਆਂ ਗੰਗਾ ਜਾਂ ਪਾਤਾਲਪੁਰੀ ਪਾ ਕੇ ਮੁਕਤੀ ਭਾਲਦੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਊਂਦਾ ਮਨੁੱਖ ਵੀ ਇਨ੍ਹਾਂ ਥਾਵਾਂ ਤੇ ਨਹਾ ਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਗੁਰਬਾਣੀ ਤੋਂ ਸੇਧ ਲੋਣੀ ਚਾਹੀਦੀ ਹੈ:-
  ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ।।
  ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।। ਗੁਗ੍ਰੰਸਾਪੰਨਾ– 484 )
ਅਰਥਾਤ ਜੇ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੈ ਤਾਂ ਡੱਡੂਆਂ ਨੂੰ ਮੁਕਤੀ ਕਿਉਂ ਨਹੀਂ ਮਿਲੀ ਕਿਉਂਕਿ ਉਹ ਸਦਾ ਹੀ ਪਾਣੀ ਵਿਚ ਨਹਾਉਂਦੇ ਰਹਿੰਦੇ ਹਨ? ਜਿਵੇਂ ਡੱਡੂ ਹਨ, ਤਿਵੇਂ ਹੀ ਉਹ ਲੋਕ ਸਮਝੋ ਜੋ ਮੁਕਤੀ ਭਾਲਦੇ ਹਨ। ਸਦੀਵੀ ਸੱਚ ਦੀ ਪ੍ਰਾਪਤੀ ਤੋਂ ਬਿਨਾਂ ਮਨੁੱਖ ਵੀ ਡੱਡੂਆਂ ਦੀਆਂ ਜੂਨਾਂ  ਵਾਂਗ ਹੀ ਭਟਕਦਾ ਸਮਝੋ।
ਗੁਰਬਾਣੀ ਦਾ ਫੁਰਮਾਨ: ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿਪਾਵਏ।। ਗੁਗ੍ਰੰਸਾਪੰਨਾ– 923 ) ਦਾ ਹਵਾਲਾ ਦੇ ਕੇ ਬਹੁਤ ਸਾਰੇ ਅਗਿਆਨੀ ਲੋਕ, ਇਸ ਫੁਰਮਾਨ ਦੇ ਗ਼ਲਤ ਅਰਥ ਕਰਕੇ ਸਿੱਖਾਂ ਨੂੰ ਕੁਰਾਹੇ ਪਾਉਂਦੇ ਰਹਿੰਦੇ ਹਨ। ਇਸ ਫੁਰਮਾਨ ਵਿਚ ਆਏ ਹਰਿ ਸਰਿ ਦੇ ਗ਼ਲਤ ਅਰਥ ਹਰਿਦੁਆਰ ਕਰਦੇ ਹੋਏ, ਸਿੱਖਾਂ ਨੂੰ ਹਰਿਦੁਆਰ ਜਾ ਕੇ ਮ੍ਰਿਤਕ ਦੇ ਫੁੱਲ ਪਾਉਣ ਦੀ ਸਲਾਹ ਦੇਂਦੇ ਹਨ। ਅਜਿਹਾ ਕਰਕੇ ਸਿੱਖਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਹੁਣ ਦੇਖੋ ਗੁਰਬਾਣੀ ਵਿਚ ਹਰਿ ਸਰਿ ਦੇ ਅਰਥ:-
       ਜਿਨਿ ਹਰਿ ਰਸੁ ਚਾਖਿਆ
      ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ।। ਗੁਗ੍ਰੰਸਾਪੰਨਾ– 568 )
ਅਰਥਾਤ ਜਿਸ ਜੀਵ ਇਸਤ੍ਰੀ ਨੇ ਹਰਿ ਨਾਮ ਦਾ ਸੁਆਦ ਚੱਖ ਲਿਆ ਹੈ (ਭਾਵ ਰੱਬੀ ਗਿਆਨ ਹਾਸਲ ਕਰ ਲਿਆ ਹੈ) ਅਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ ਸਾਲਾਹ ਕਰਦੀ ਰਹਿੰਦੀ ਹੈ, ਉਹ ਜੀਵ ਇਸਤ੍ਰੀ ਸਮਝੋ ਪ੍ਰਭੂ ਦੇ ਸਰੋਵਰ ਵਿਚ ਹਮੇਸ਼ਾ ਚੁੱਭੀ ਲਾਈ ਰੱਖਦੀ ਹੈ।
ਗੁਰਬਾਣੀ ਸਿੱਖਿਆ ਅਨੁਸਾਰ ਸਤਿਸੰਗ ਹੀ ਹਰਿ ਸਰਿ (ਪ੍ਰਭੂ ਦਾ ਸਰੋਵਰ) ਹੈ ਅਤੇ ਸਿੱਖ ਲਈ ਇਹੋ ਤੀਰਥ ਇਸ਼ਨਾਨ ਹੈ। ਗੁਰਬਾਣੀ ਦਾ ਫੁਰਮਾਨ: ਪਿੰਡੁਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ।।  ਅਨੁਸਾਰ ਗੁਰੂ ਸਾਹਿਬ ਸਾਨੂੰ ਇਹੋ ਸਿੱਖਿਆ ਦੇਂਦੇ ਹਨ ਕਿ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਆਦਿ ਪਖੰਡ ਕਰਨ ਦੀ ਥਾਂ ਸਤਿਸੰਗ ਵਿਚ ਬੈਠ ਕੇ ਕੇਵਲ ਪ੍ਰਭੂ ਦੀ ਸਿਫਤ ਸਾਲਾਹ ਹੀ ਕਰੋ, ਮੈਂਨੂੰ ਇਹੋ ਚੰਗਾ ਲਗਦਾ ਹੈ।
ਯਾਦ ਰੋੱਖੋ, ਚਲਾਣੇ ਉਪਰੰਤ ਸਸਕਾਰ ਕਰਨ ਤੋਂ ਬਾਅਦ, ਧਰਮ ਦੇ ਨਾਂ ਤੇ ਮ੍ਰਿਤਕ ਪਾਣੀ ਲਈ ਹੋਰ ਕੁੱਝ ਵੀ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ। ਮੌਤ ਦੀ ਸਚਾਈ ਨੂੰ ਸਮਝਣਾ ਅਤੇ ਪ੍ਰਵਾਨ ਕਰਨਾ ਹੀ ਸਤਿਸੰਗ ਹੈ। ਇਸ ਦੇ ਉਲਟ ਜਿਹੜੇ ਲੋਕਾਂ ਨੇ ਗੁਰਬਾਣੀ ਸਿੱਖਿਆ ਨੂੰ ਵਿਸਾਰ ਕੇ, ਝੂਠ ਅਤੇ ਅਗਿਆਨਤਾ ਨੂੰ ਆਪਣੇ ਜੀਵਨ  ਦਾ ਆਧਾਰ ਬਣਾਇਆ ਹੋਇਆ ਹੈ, ਕੇਵਲ ਉਹ ਲੋਕ ਹੀ ਕਿਸੇ ਦੇ ਚਲਾਣੇ ਉਪਰੰਤ ਮੁਕਤੀ ਜਾਂ ਗਤੀ ਦੀ ਭਾਲ ਵਿਚ ਥਾਂ-ਥਾਂ ਭਟਕਦੇ ਹਨ ਅਤੇ ਧਰਮ ਦੇ ਨਾਂ ਤੇ ਅਨੇਕਾਂ ਪਖੰਡ ਕਰਕੇ, ਆਪਣੀ ਹਰ ਪ੍ਰਕਾਰ ਦੀ ਲੁੱਟ ਕਰਵਾਉਂਦੇ ਹਨ। ਗੁਰਬਾਣੀ ਸਿੱਖਿਆ ਤੋਂ ਮੂੰਹ ਮੋੜ ਕੇ ਜਿਹੜੇ ਗੰਗਾ, ਪਾਤਲਪੁਰੀ ਜਾਂ ਹੋਰ ਥਾਵਾਂ ਤੇ ਜਾ ਕੇ ਫੁੱਲ ਪਾ ਕੇ, ਮੁਕਤੀ ਭਾਲਦੇ ਹਨ, ਮਰਨ ਤੋਂ ਬਾਅਦ  ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਦਾ।
(8)   ਗੁਰਬਾਣੀ ਜੀਵਤ ਮਨੁੱਖਾਂ ਲਈ ਹੈ ਮ੍ਰਿਤਕਾਂ ਲਈ ਨਹੀਂ :-
ਮ੍ਰਿਤਕ ਪਾਣੀ ਦੀ ਆਤਮਾ ਦੀ ਸ਼ਾਤੀ ਲਈ ਕੀਤਾ ਜਾਂਦਾ ਪਾਠ ਇਕ ਕਰਮ-ਕਾਂਡ ਹੈ। ਹਰ ਇਕ ਮਨੁੱਖ ਜਨਮ ਤੋਂ ਲੈ ਕੇ ਮੌਤ ਤਕ ਆਪਣੀ ਜ਼ਿੰਦਗੀ ਵਿਚ ਸਾਰੀ ਉਮਰ ਭਟਕਣਾ ਵਿਚ ਪਿਆ ਰਹਿੰਦਾ ਹੈ। ਕਿਸੇ ਮਨੁੱਖ ਦੀ ਆਤਮਾ ਨੂੰ ਸ਼ਾਂਤੀ ਉਸੇ ਵੇਲੇ ਸ਼ਾਤੀ ਮਿਲ ਜਾਂਦੀ ਹੈ ਜਦੋਂ ਉਹ ਮਰ ਜਾਂਦਾ ਹੈ। ਪਰ ਜਿਹੜੇ ਪਿਛੇ ਸਾਕ ਸਬੰਧੀ ਹੁੰਦੇ ਹਨ ਸੱਚ ਨਾ ਸਮਝਣ ਕਰਕੇ, ਉਨ੍ਹਾਂ ਦੀ ਆਪਣੀ ਆਤਮਾ ਹਮੇਸ਼ਾ ਭਟਕਦੀ ਰਹਿੰਦੀ ਹੈ।  ਖ਼ਿਆਲ ਕਰੋ ਕਿ ਜਿਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਆਪ ਗੁਰਬਾਣੀ ਪੜ੍ਹ ਕੇ ਸਮਝੀ ਨਹੀਂ ਅਤੇ ਨਾ ਹੀ ਆਪਣੇ ਜੀਵਨ ਵਿਚ ਲਾਗੂ ਕੀਤਾ ਹੈ, ਅਜਿਹੇ ਮਨੁੱਖ ਦੇ ਮਰਨ ਤੋਂ ਬਾਅਦ ਕੀਤਾ ਗਿਆ ਪਾਠ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਦੇ ਸਕਦਾ।
ਜੇਕਰ ਅਜਿਹਾ ਹੁੰਦਾ ਹੈ ਤਾਂ ਸਮਾਜ ਦੇ ਝੂਠੇ, ਪਖੰਡੀ, ਕਪਟੀ, ਰਿਸ਼ਵਤ-ਖੋਰ, ਬੇਈਮਾਨ, ਲੁੱਟ-ਘਸੁੱਟ, ਬਲਾਤਕਾਰ , ਨਸ਼ਿਆਂ ਦੇ ਵਾਪਾਰੀ, ਮਿਲਾਵਟ, ਬੇਇਨਸਾਫੀ ਅਤੇ ਲੋਕਾਂ ਤੇ ਜ਼ੁਲਮ ਕਰਨ ਵਾਲਿਆਂ ਦੇ ਮਰਨ ਉਪਰੰਤ ਉਨ੍ਹਾਂ ਦੀ ਆਤਮਾਂ ਨੂੰ ਸ਼ਾਂਤੀ ਦੇਣ ਲਈ ਮ੍ਰਿਤਕ ਦੇ ਸਾਕ-ਸਬੰਧੀ ਆਪਣੇ ਆਪਣੇ ਧਾਰਮਕ ਅਕੀਦਿਆਂ ਅਨੁਸਾਰ ਮ੍ਰਿਤਕ ਦੀਆਂ ਅੰਤਮ ਰਸਮਾਂ ਪੂਰੀਆਂ ਕਰਦੇ ਹਨ। ਮਰਨ ਤੋਂ ਬਾਅਦ ਕਿਸੇ ਵੀ ਮਨੁੱਖ ਨੂੰ ਉਸ ਦੇ ਮਰਨ ਪਿੱਛੋਂ  ਕੀਤੀਆਂ ਜਾਂਦੀਆਂ ਰੀਤਾਂ-ਰਸਮਾਂ ਦਾ ਕੋਈ ਲਾਭ ਨਹੀਂ ਹੁੰਦਾ ਪਰ ਧਰਮ ਦੇ ਨਾਂ ਤੇ ਲੋਕਾਂ ਦੀ ਲੁੱਟ ਜ਼ਰੂਰ ਹੋ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਮਨੁੱਖ ਨੂੰ ਆਪਣੇ ਜ਼ਿੰਦੇ ਜੀਅ ਆਪਣੀ ਭਟਕਦੀ ਆਤਮਾ ਨੂੰ ਸ਼ਾਂਤ ਕਰਨ ਦੀ ਸਿੱਖਿਆ ਦੇਂਦੀ ਹੈ।
(9)    ਮਰਨ ਤੋਂ ਬਾਅਦ ਆਤਮਾ ਦੀ ਸ਼ਾਂਤੀ, ਮੁਕਤੀ ਜਾਂ ਖਲਾਸੀ :-
ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਭਾਵੇਂ ਕੋਈ ਮਨੁੱਖ, ਧਰਮ ਦੇ ਨਾਂ ਤੇ ਜਿੰਨੇ-ਮਰਜ਼ੀ ਪਖੰਡ ਕਰ ਲੈਣ, ਮਰਨ ਤੋਂ ਬਾਅਦ ਕਿਸੇ ਮਨੁੱਖ ਨੂੰ ਮੁਕਤੀ ਨਹੀਂ ਮਿਲ ਸਕਦੀ। ਮਰਨ ਤੋਂ ਬਾਅਦ ਮੁਕਤੀ ਦੇ ਨਾਂ ਤੇ ਲੋਕਾਂ ਦੀ ਸਿਰਫ ਲੁੱਟ ਹੀ ਲੁੱਟ ਹੁੰਦੀ ਹੈ। ਗੁਰਬਾਣੀ  ਮਨੁੱਖ ਨੂੰ ਜਿਊਂਦਿਆਂ ਹੀ ਮੁਕਤ ਹੋਣ ਦੀ ਸਿੱਖਿਆ ਦੇਂਦੀ ਹੈ ਤਾਂ ਜੋ ਮਨੁੱਖ ਨੂੰ ਹੋਰ ਲੋਕ ਵੀ ਆਪਣੀਆਂ ਅੱਖਾਂ ਨਾਲ ਮੁਕਤ ਹੋਇਆ ਦੇਖ ਸਕਣ। ਗੁਰਬਾਣੀ ਦਾ ਫ਼ੁਰਮਾਨ ਹੈ:-
         ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ।। ਗੁਗ੍ਰੰਸਾਪੰਨਾ– 93 )
ਅਰਥਾਤ ਭਗਤ ਬੇਣੀ ਜੀ ਆਖਦੇ ਹਨ ਕਿ ਹੇ ਸੰਤ ਜਨੋ ! ਜੇਕਰ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੋ ਹਾਲ ਰਿਹਾ ਭਾਵ ਜਿਊਂਦਿਆਂ ਕਿਸੇ ਵੇਲੇ ਵੀ ਵਿਕਾਰਾਂ ਦੇ ਮੋਹ ਤੋਂ ਮੁਕਤ ਨਹੀਂ ਹੋਇਆ ਤਾਂ ਇਹ ਸੱਚ ਜਾਣੋ ਕਿ ਮਰਨ ਤੋਂ ਪਿਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਣੀ।
        ਮੂਏ ਹੂਏ ਜਉ ਮੁਕਤਿ ਦੇਹੁਗੇ  ਮੁਕਤਿ ਨ ਜਾਨੈ ਕੋਇਲਾ।। ਗੁਗ੍ਰੰਸਾਪੰਨਾ– 1292 )
ਅਰਥਾਤ ਭਗਤ ਨਾਮ ਦੇਵ ਜੀ ਆਖਦੇ ਹਨ ਕਿ ਹੇ ਪ੍ਰਮਾਤਮਾ ! ਜੇ ਤੂੰ ਮੈਂਨੂੰ ਮਰਨ ਤੋਂ ਪਿਛੋਂ ਮੁਕਤੀ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ। ਇਸ ਲਈ ਮੈਂਨੂੰ ਜਿਊਦਿਆਂ ਹੀ ਵਿਕਾਰਾਂ ਤੋਂ ਖਲਾਸੀ ਦੇ ਤਾਂ ਜੋ ਲੋਕ ਮੈਂਨੂੰ ਮੁਕਤ ਹੋਏ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ।
ਗੁਰਬਾਣੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਲਾਗੂ ਕਰਕੇ, ਸਿੱਖ ਨੇ ਆਪ ਹਰ ਪ੍ਰਕਾਰ ਦੇ ਵਹਿਮਾਂ-ਭਰਮਾਂ, ਪਖੰਡਾਂ, ਕਰਮ- ਕਾਂਡਾਂ ਅਤੇ ਵਿਕਾਰਾਂ ਵਾਲੇ ਕੰਮਾਂ ਨੂੰ ਤਿਆਗ ਕੇ ਖਲਾਸੀ ਪ੍ਰਾਪਤ ਕਰਨੀ ਹੈ, ਜਿਸ ਨੂੰ ਉਹ ਆਪ ਵੀ ਦੇਖ ਸਕਦਾ ਹੈ ਅਤੇ ਇਹ ਸਮਾਜ ਵੀ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹੈ।
 (10)   ਮ੍ਰਿਤਕ ਨੂੰ ਭਾਂਡੇਬਿਸਤਰੇ ਆਦਿ ਨਹੀਂ ਦੇਣੇ :-
         ਮਨੁੱਖ ਨੂੰ ਆਪਣਾ ਜੀਵਨ ਨਿਰਬਾਹ ਕਰਨ ਲਈ ਤਿੰਨ ਚੀਜ਼ਾਂ ਦੀ ਮੁੱਖ ਲੋੜ ਪੈਂਦੀ ਹੈ। ਉਹ ਹਨ: ਰੋਟੀ, ਕੱਪੜਾ ਅਤੇ ਮਕਾਨ। ਮਨੁੱਖ ਮਰਨ ਉਪਰੰਤ, ਉਸ ਨੂੰ ਇਨ੍ਹਾਂ ਚੀਜ਼ਾਂ ਦੀ ਕਦੇ ਲੋੜ ਨਹੀਂ ਪੈਂਦੀ। ਪਰ ਪੁਜਾਰੀ ਸ਼ੇਣੀ ਵੱਲੋਂ, ਸਦੀਆਂ ਪਹਿਲਾਂ ਧਰਮ ਦੇ ਨਾਂ ਤੇ ਮਨੁੱਖ ਦੇ ਜੀਵਨ ਨੂੰ ਅਨੇਕਾਂ ਕਰਮ-ਕਾਂਡਾਂ ਵਿਚ ਜਕੜ ਕੇ, ਉਸ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਮਨੁੱਖ ਅੱਜ ਵੀ ਨਹੀਂ ਬਚ ਸਕਿਆ।
ਇਸ ਤੋਂ ਇਲਾਵਾ ਮ੍ਰਿਤਕ ਨੂੰ ਭਾਂਡੇ-ਬਿਸਤਰੇ, ਫਲ-ਫਰੂਟ, ਛਤਰੀ ਅਤੇ ਜੁੱਤੀਆਂ ਆਦਿ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜਾ ਪ੍ਰਾਣੀ ਆਪਣੇ ਜੀਵਨ ਵਿਚ ਇਹ ਚੀਜ਼ਾਂ ਵਰਤਦਾ ਸੀ ਉਸ ਦਾ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ। ਇਸ ਲਈ ਮ੍ਰਿਤਕ ਪ੍ਰਾਣੀ ਨੂੰ ਦੁਨਿਆਵੀ ਵਸਤਾਂ ਦਾ ਕੋਈ ਲਾਭ ਨਹੀਂ ਪਹੁੰਚਦਾ ਪਰ ਧਰਮ ਦੇ ਨਾਂ ਤੇ ਲੋਕਾਂ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ।ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੁੱਤੀਆਂ ਦਾ ਜੋੜਾ ਰਜ਼ਾਈ ਵਿਚ ਛੁਪਾ ਕੇ ਰੱਖਿਆ ਹੁੰਦਾ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੁੰਦਾ ਹੈ। ਇਸ ਅਵੱਗਿਆ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ।
ਮ੍ਰਿਤਕ ਦੇ ਨਾਂ ਤੇ ਝੂਠੀਆਂ ਅਰਦਾਸਾਂ ਕਰਕੇ, ਭਾਂਡੇ-ਬਿਸਤਰੇ, ਜੋੜਾ, ਫਲ ਅਤੇ ਛਤਰੀ ਆਦਿ ਇਕੱਠੇ ਕੀਤੇ ਜਾਦੇ ਹਨ। ਅਰਦਾਸ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀ ਅਰਦਾਸ ਕਰਦਾ ਹੈ ਕਿ ਇਹ ਵਸਤਾਂ ਮ੍ਰਿਤਕ ਪ੍ਰਾਣੀ ਨੂੰ ਪਹੁੰਚਣ। ਪਰ ਭੋਗ ਤੋਂ ਬਾਅਦ ਆਪਣੇ ਨਾਲ ਹੀ ਆਪਣੇ ਘਰ ਲੈ ਜਾਂਦਾ ਹੈ ਜਾਂ ਫਿਰ ਗੁਰਦੁਆਰੇ ਵਿਚ ਰੱਖ ਲਿਆ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਵਸਤਾਂ ਜਿੱਥੇ ਪਹੁੰਚਦੀਆਂ ਹਨ, ਕੀ ਮ੍ਰਿਤਕ ਪ੍ਰਾਣੀ ਉੱਥੇ ਬੈਠਾ ਵਰਤ ਰਿਹਾ ਹੈ? ਮ੍ਰਿਤਕ ਦੇ ਨਾਂ ਤੇ ਇਹ ਵਸਤਾਂ ਲੈ ਕੇ ਸਿੱਖਾਂ ਨਾਲ ਇਹ ਸ਼ਰੇਆਮ ਠੱਗੀ ਕੀਤੀ ਜਾਂਦੀ ਹੈ। ਜਿਸ ਪੁਜਾਰੀ ਸ਼ੇਣੀ ਨੇ ਧਰਮ ਦੇ ਨਾਂ ਮ੍ਰਿਤਕ ਨੂੰ ਦੁਨਿਆਵੀ ਵਸਤਾਂ ਪਹੁਚਾਣ ਦਾ ਠੇਕਾ ਲਿਆ ਹੋਇਆ ਹੈ, ਗੁਰਬਾਣੀ ਅਜਿਹੇ ਦਲਾਲਾਂ ਦੇ ਕੰਮਾਂ ਦੀ ਸਖ਼ਤ ਅਲੋਚਨਾ ਕਰਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ  ਦੇ ਭਾਗੀ ਮੰਨਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:
         ਵਡੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।। ਗੁਗ੍ਰੰਸਾਪੰਨਾ– 472 )
ਕਿਸੇ ਮਨੁੱਖ ਨੂੰ ਮਰਨ ਤੋਂ ਬਾਅਦ ਕੀ ਮਿਲਦਾ ਹੈ? ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ;
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।।  ਗੁਗ੍ਰੰਸਾਪੰਨਾ– 472 )
ਅਰਥਾਤ ਹੇ ਨਾਨਕ ਕਿਸੇ ਮਨੁੱਖ ਨੂੰ ਮਰਨ ਤੋਂ ਬਾਅਦ ਉਹੀ ਕੁੱਝ ਮਿਲਦਾ ਹੈ ਜਿਹੜਾ ਉਹ ਆਪਣੇ ਜੀਵਨ ਵਿਚ ਕਰਦਾ ਰਿਹਾ ਹੈ।
ਗੱਲ ਸਮਝਣ ਵਾਲੀ ਹੈ। ਜਿਹੜਾ ਮਨੁੱਖ ਆਪਣੇ ਜੀਵਨ ਵਿਚ ਚੰਗਿਆਈਆਂ ਨੂੰ ਧਾਰਨ ਕਰਕੇ, ਮਨੁੱਖਤਾ ਦੇ ਭਲੇਹਿਤ ਕੰਮ ਕਰਦਾ ਰਿਹਾ ਹੋਵੇ, ਉਸ ਦੇ ਮਰਨ ਉਪਰੰਤ  ਲੋਕ ਉਸ ਦੀਆਂ ਚੰਗਿਆਈਆਂ ਨੂੰ ਯਾਦ ਕਰਕੇ, ਸਦੀਆਂ ਤਕ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ। ਇਸ ਦੇ ਉਲਟ ਜਿਹੜਾ ਮਨੁੱਖ ਆਪਣੇ ਜੀਵਨ ਵਿਚ ਬੁਰਿਆਈਆਂ ਵਾਲੇ ਕੰਮ ਕਰਕੇ, ਝੂਠ, ਪਖੰਡ, ਕਰਮ-ਕਾਂਡ, ਹੇਰਾਫੇਰੀ, ਮਿਲਾਵਟ, ਰਿਸ਼ਵਤਖੋਰੀ, ਬੇਈਮਾਨੀ, ਲੁੱਟ-ਘਸੁੱਟ ਕਰਕੇ ਮਨੁਤੱਖਤਾ ਉਤੇ ਜ਼ੁਲਮ ਕਰਦਾ ਰਿਹਾ ਹੋਵੇ, ਉਸ ਦੇ ਮਰਨ ਤੋਂ ਬਾਅਦ ਲੋਕ ਉਸ ਦੀਆਂ ਬੁਰਿਆਈਆਂ ਨੂੰ ਯਾਦ ਕਰਕੇ, ਉਸ ਨੂੰ ਸਦੀਆਂ ਤਕ ਤਕ ਲਾਹਨਤਾਂ ਪਾਉਂਦੇ ਰਹਿੰਦੇ ਹਨ।
  (11)     ਪਗੜੀ ਦੀ ਰਸਮ :-
         ਅਕਸਰ ਦੇਖਿਆ ਜਾਦਾ ਹੈ ਕਿ ਮ੍ਰਿਤਕ ਪ੍ਰਾਣੀ ਦੇ ਪ੍ਰਵਾਰ ਵਿਚੋਂ ਵੱਡੇ ਲੜਕੇ ਨੂੰ ਪਗੜੀ ਬੰਨ ਕੇ, ਪਗੜੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਤਾਂ ਜੋ ਉਹ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ। ਮਰਨ ਤੋਂ ਬਾਅਦ ਕਿਸੇ ਵਿਅਕਤੀ ਨੂੰ ਜ਼ਿੰਮੇਵਾਰੀ ਸੌਪਣ ਦਾ ਇਹ ਇਕ ਪਖੰਡ ਹੀ ਹੁੰਦਾ ਹੈ।
ਅੱਜ ਸਿੱਖ ਕੌਮ ਦੀ ਬਹੁ-ਗਿਣਤੀ ਨੇ ਸਿਰਾਂ ਤੋਂ ਪਗੜੀਆਂ ਲਾਹ ਸੁੱਟੀਆਂ ਹਨ ਅਤੇ ਸਿਰ-ਮੂਹ ਮੁਨਾ ਕੇ ਮੋਨੀ ਹੋ ਚੁੱਕੀ ਹੈ। ਸ਼ਕਲ ਤੋਂ ਸਾਰੇ ਹਿੰਦੂ ਹੀ ਬਣ ਚੁੱਕੇ ਹਨ।  ਬਹੁਤ ਸਾਰੇ ਨਸ਼ੇ ਕਰਦੇ ਹਨ। ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ । ਅਜਿਹੇ ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਪਗੜੀ ਦੀ ਰਸਮ ਪੂਰੀ ਹੋਣ ਉਪਰੰਤ ਉਹ ਜਲਦੀ ਹੀ ਰਸਮੀ ਪਗੜੀ ਉਤਾਰ ਕੇ ਸੁੱਟ ਦੇਂਦੇ ਹਨ। ਇਸ ਰਸਮੀ ਪਗੜੀ ਦੀ ਐਨੀ ਕੁ ਹੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ।
ਕਿਸੇ ਵਿਆਹੇ ਲੜਕੇ ਦੀ ਮੌਤ ਤੋਂ ਬਾਅਦ ਉਸ ਦੇ ਨਿਕੇ ਜਿਹੇ ਬੱਚੇ, ਜਿਹੜਾ ਆਪਣੀ ਵਿਧਵਾ ਮਾਂ ਦੀ ਗੋਦੀ ਵਿਚ ਬੈਠਾ ਹੁੰਦਾ ਹੈ, ਉਸ  ਨੂੰ ਪਗੜੀ ਬੰਨਣ ਦੀ ਰਸਮ ਵੀ ਕਰ ਕੀਤੀ ਜਾਂਦੀ ਹੈ ਤਾਂ ਜੋ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਸਕੇ। ਪਰ ਵਿਧਵਾ ਦੇ ਮਾਤਾ-ਪਿਤਾ ਆਪਣੀ ਲੜਕੀ ਦਾ ਦੁਬਾਰਾ ਵਿਆਹ ਕਰ ਦੇਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜ਼ਿੰਮੇਵਾਰੀ ਲੜਕੀ ਦੇ ਮਾਤਾ ਪਿਤਾ ਨੇ ਨਿਭਾਈ ਜਾਂ ਵਿਧਵਾ ਦੇ ਆਪਣੇ ਛੋਟੇ ਜਿਹੇ ਬੱਚੇ ਨੇ? ਜਿਸ ਬਾਪ ਦੀਆਂ ਕੇਵਲ ਲੜਕੀਆਂ ਹੀ ਹਨ, ਉਸ ਬਾਪ ਦੇ ਮਰਨ ਪਿੱਛੋਂ ਕਿਸ ਨੂੰ ਪਗੜੀ ਬੰਨੀ ਜਾਂਦੀ ਹੈ? ਪਰ ਬੇਸਮਝ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।
ਸਿੱਖ ਨੂੰ ਕਿਸੇ ਮ੍ਰਿਤਕ ਪ੍ਰਾਣੀ ਦੇ ਚਲਾਣੇ ਉਪਰੰਤ ਪਗੜੀ ਦੀ ਰਸਮ ਵਾਲਾ ਪਖੰਡ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਸਿੱਖ ਮੰਨਦਾ ਹੈ, ਉਹ ਭਾਵੇਂ ਛੋਟੀ ਉਮਰ ਦਾ ਹੋਵੇ ਚਾਹੇ ਵੱਡੀ ਉਮਰ ਦਾ ਹੋਵੇ। ਉਹ ਆਪਣੀ ਪਗੜੀ ਨੂੰ ਆਪਣੀ ਸਿੱਖੀ ਦੀ ਸ਼ਾਨ ਸਮਝਦਾ ਹੋਇਆ, ਸਿੱਖੀ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਜਨਮ ਤੋਂ ਲੈ ਕੇ ਮੌਤ ਤਕ ਨਿਭਾਉਣ ਦੀ  ਕੋਸ਼ਿਸ਼ ਕਰਦਾ ਹੈ। ਕਿਸੇ ਪ੍ਰਾਣੀ ਦੇ ਮਰਨ ਤੋਂ ਬਾਅਦ ਉਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹੋਰ ਪਗੜੀ ਬੰਨਣ ਦੀ ਜ਼ਰੂਰਤ ਨਹੀਂ ਪੈਂਦੀ।
ਇਸ ਲਈ ਹਰ ਇਕ ਸਿੱਖ ਨੂੰ ਚਾਹੀਦਾ ਹੈ ਕਿ ਉਹ ਆਪ ਅਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪਗੜੀ ਬੰਨਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਮਰਦੇ ਦਮ ਤਕ ਆਪਣੀਆਂ ਸਿੱਖੀ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਬਣ ਸਕਣ।
 (12)  ਬਰਸੀਆਂ ਨਹੀਂ ਮਨਾਉਣੀਆਂ
ਸਿੱਖਾਂ ਵਿਚ ਇਹ ਭੇਡ-ਚਾਲ ਆਮ ਦੇਖੀ ਜਾ ਸਕਦੀ ਹੈ ਕਿ ਮ੍ਰਿਤਕ ਪ੍ਰਾਣੀ ਦੀ ਮੌਤ ਤੋਂ ਬਾਅਦ ਹਰ ਸਾਲ ਬਰਸੀ ਮਨਾਈ ਜਾਂਦੀ ਹੈ। ਪਰ ਅਸਲੀਅਤ ਇਹ ਹੈ ਕਿ ਮਰ ਚੁੱਕੇ ਪ੍ਰਾਣੀ ਲਈ ਅਜਿਹੀ ਬਰਸੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਨ੍ਹਾਂ ਬਰਸੀਆਂ ਦੇ ਨਾਂ ਤੇ ਮ੍ਰਿਤਕ ਪ੍ਰਾਣੀ ਨੂੰ ਤਾਂ ਕੁੱਝ ਨਹੀਂ ਮਿਲਦਾ ਪਰ ਬਰਸੀਆਂ ਦੇ ਨਾਂ ਹੇਠ ਲੋਕਾਂ ਦੀ ਹਰ ਸਾਲ ਲੁੱਟ ਜ਼ਰੂਰ ਹੁੰਦੀ ਰਹਿੰਦੀ ਹੈ। ਇਸ ਲਈ ਸਿੱਖ ਨੇ ਕਿਸੇ ਮ੍ਰਿਤਕ ਦੀ ਬਰਸੀ ਆਦਿ ਨਹੀਂ ਮਨਾਉਣੀ। ਆਪਣੇ ਆਪ ਨੂੰ ਹਮੇਸ਼ਾਂ ਇਸ ਕਰਮ-ਕਾਂਡ ਤੋਂ ਬਚਾ ਕੇ ਰੱਖਣਾ ਹੈ।
 (13)   ਸਿੱਖ ਨੇ ਸ਼ਰਾਧ ਵਗੈਰਾ ਨਹੀਂ ਕਰਨਾ
ਅਗਿਆਨਤਾ ਵਿਚ ਭਟਕ ਰਹੇ ਲੋਕਾਂ ਨੂੰ ਸੱਚ ਦਾ ਰਾਹ ਦਿਖਾਉਣ ਲਈ, ਗੁਰੂ ਨਾਨਕ ਸਾਹਿਬ ਨੇ ਦੇਸ਼-ਵਿਦੇਸ਼ਾਂ ਅਤੇ ਦੂਰ-ਦੂਰਾਡੀਆਂ ਥਾਵਾਂ ਤੇ ਜਾ-ਜਾ ਕੇ ਪਰਚਾਰ ਕੀਤਾ| ਪਰਚਾਰ ਦੌਰਾਨ ਹੀ ਇਕ ਵਾਰੀ ਗੁਰੂ ਸਾਹਿਬ ਨੇ ਹਰਿਦੁਆਰ ਵਿਖੇ ਚਾਲੇ ਪਾਏ| ਜਿੱਥੇ ਦੂਰੋਂ-ਦੂਰੋਂ ਲੋਕ ਆ ਕੇ ਗੰਗਾ ਵਿਚ ਇਸ਼ਨਾਨ ਕਰਨ ਉਪਰੰਤ ਆਪਣੇ ਪਿੱਤਰਾਂ ਨੂੰ ਸੂਰਜ ਵੱਲ ਮੂੰਹ ਕਰਕੇ ਪਾਣੀ ਅਪੜਾਦੇਂ ਸਨ| ਲੋਕਾਂ ਨੂੰ ਇਸ ਭਰਮ ਵਿਚੋਂ ਕੱਢਣ ਲਈ ਗੁਰੂ ਸਾਹਿਬ ਆਪ ਗੰਗਾ ਵਿਚ ਜਾ ਵੜੇ  ਅਤੇ ਲਹਿੰਦੇ ਵੱਲ ਮੂੰਹ ਕਰਕੇ ਜ਼ੋਰ-ਜ਼ੋਰ ਨਾਲ ਪਾਣੀ ਉਛਾਲਣ ਲੱਗ ਪਏ| ਉੱਥੇ ਹਾਜ਼ਰ ਲੋਕ,  ਗੁਰੂ ਸਾਹਿਬ ਦਾ ਇਹ ਵਰਤਾਰਾ ਦੇਖ ਕੇ ਬਹੁਤ ਹੈਰਾਨ ਹੋਏ| ਮੋਹਰੀ ਬੰਦਿਆਂ ਨੇ ਕਿਹਾ  ਕਿ ਇਹ ਬੰਦਾ ਧਰਮ-ਕਰਮ ਤੋਂ ਅਨਜਾਣ ਜਾਪਦਾ ਹੈ| ਪਰ ਗੁਰੂ ਸਾਹਿਬ ਉਨ੍ਹਾਂ ਲੋਕਾਂ ਦੀ ਗੱਲ  ਅਣ-ਸੁਣੀ ਕਰਕੇ  ਆਪਣੇ ਕੰਮ ਵਿਚ ਮਸਤ ਰਹੇ| ਗੁਰੂ ਸਾਹਿਬ ਦਾ ਵਰਤਾਰਾ ਦੇਖ ਕੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਚੁੱਕੀ ਸੀ|
ਧਰਮ ਦੇ ਠੇਕੇਦਾਰਾਂ ਨੇ ਇਕੱਠੇ ਹੋ ਕੇ, ਗੁਰੂ ਸਾਹਿਬ ਨੂੰ ਸਵਾਲ ਕੀਤਾ, ਤੁਸੀਂ ਇਹ ਕੀ ਕਰ ਰਹੇ ਹੋ? ਗੁਰੂ ਸਾਹਿਬ ਨੇ ਉਲਟਾ ਉਨ੍ਹਾਂ ਨੂੰ ਹੀ ਸਵਾਲ ਕਰ ਦਿੱਤਾ ਜੋ ਤੁਸੀਂ ਕਰ ਰਹੇ ਹੋ| ਲੋਕਾਂ ਨੇ ਕਿਹਾ, “ਉਹ ਚੜ੍ਹਦੇ ਵਲ ਮੂੰਹ ਕਰਕੇ, ਆਪਣੇ ਪਿੱਤਰਾਂ ਨੂੰ ਪਾਣੀ ਭੇਜ ਰਹੇ ਹਨ| ਪਰ ਤੁਸੀਂ ਲਹਿੰਦੇ ਵੱਲ ਮੂੰਹ ਕਰਕੇ, ਕਿਸ ਨੂੰ ਪਾਣੀ ਦੇ ਰਹੇ ਹੋ ?” ਗੁਰੂ ਸਾਹਿਬ ਨੇ ਕਿਹਾ, “ਉਹ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਭੇਜ ਰਿਹਾ ਹੈ|” ਗੁਰੂ ਸਾਹਿਬ ਦਾ ਉੱਤਰ ਸੁਣ ਕੇ ਲੋਕ ਉੱਚੀ-ਉੱਚੀ ਹਸਣ ਲੱਗੇ ਅਤੇ ਕਹਿਣ ਲੱਗੇ, “ਤੁਹਾਡਾ ਪਾਣੀ 300-400 ਮੀਲ ਦੀ ਦੂਰੀ ਉੱਤੇ ਨਹੀਂ ਪੁੱਜ ਸਕਦਾ|” ਉਨ੍ਹਾਂ ਸਾਰਿਆਂ ਦੀ ਗੱਲ ਸੁਣ ਕੇ, ਗੁਰੂ ਸਾਹਿਬ ਨੇ ਇਕ ਕਰਾਰਾ ਸਵਾਲ ਕੀਤਾ, “ਜੇਕਰ ਮੇਰਾ ਪਾਣੀ ਮੇਰੇ ਖੇਤਾਂ ਵਿਚ ਨਹੀਂ ਪਹੁੰਚ ਸਕਦਾ ਤਾਂ ਦੱਸੋ, ਪਿੱਤਰ-ਲੋਕ , ਜਿਹੜਾ ਕਿ ਤੁਹਾਡੇ ਖ਼ਿਆਲ ਅਨੁਸਾਰ ਲੱਖਾਂ-ਕਰੋੜਾਂ ਮੀਲ ਦੂਰ ਹੈ, ਉੱਥੇ ਕਿਵੇਂ ਪਹੁੰਚ ਸਕਦਾ ਹੈ?”
ਗੁਰੂ ਸਾਹਿਬ ਦਾ ਸਵਾਲ ਸੁਣ ਕੇ ਸਾਰੇ ਪਾਸ ਚੁੱਪ ਵਰਤ ਜਦੋਂ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਤਾਂ ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਪਿੱਤਰਾਂ ਨੂੰ ਤੁਹਾਡੀ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ| ਧਰਮ ਦੇ ਠੇਕੇਦਾਰ ਤੁਹਾਨੂੰ ਫ਼ਜ਼ੂਲ ਦੇ ਕੰਮਾਂ ਉੱਤੇ ਲਾ ਕੇ, ਤੁਹਾਨੂੰ ਲੁੱਟ ਰਹੇ ਹਨ| ਸੱਚ ਨੂੰ ਸਮਝੋ ਅਤੇ ਆਗਿਆਨਤਾ ਦੇ ਹਨੇਰੇ ਵਿਚੋਂ ਨਿਕਲੋ| ਜਿਸ ਗੁਰੂ ਨੇ ਅਗਿਆਨਤਾ ਵਿਚ ਭਟਕੀ ਹੋਈ ਲੋਕਾਈ ਨੂੰ ਅਗਿਆਨਤਾ ਦੇ ਅੰਧਕਾਰ ਵਿਚੋਂ ਕੱਢਣ ਲਈ  ਆਪਣਾ ਸਾਰਾ ਜੀਵਨ ਹੀ ਕੁਰਬਾਨ ਕਰ ਦਿੱਤਾ ਸੀ| ਅੱਜ ਉਸ ਦੇ ਅਖਵਾਉਣ ਵਾਲੇ ਸਿੱਖ ਜਾਂ ਸਿੱਖ-ਪਰਚਾਰਕ, ਉਸੇ ਗੁਰੂ ਨਾਲ ਘੋਰ ਬੇਇਨਸਾਫ਼ੀ ਕਰ ਰਹੇ ਹਨ| ਅਜਿਹੇ ਪਰਚਾਰਕਾਂ ਨੂੰ ਕਈ ਵਾਰੀ ਗੁਰਮਤਿ-ਵਿਰੋਧੀ ਕੰਮਾਂ ਕਰਕੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ|
ਸਿੱਖੀ-ਸਿਧਾਂਤਾਂ ਦੀ ਜਾਣਕਾਰੀ ਨਾ ਹੋਣ ਕਰਕੇ ਅਗਿਆਨਤਾਵਸ ਬਹੁਤ ਸਾਰੇ ਸਿੱਖ ਦੇਖਾ-ਦੇਖੀ ਹਰ ਸਾਲ ਸ਼ਰਾਧ ਕਰਦੇ ਹਨ। ਪਰ ਜਿਹੜੇ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਮੰਨਦੇ ਹਨ ਅਤੇ ਜਿਨ੍ਹਾਂ ਦਾ ਮੁੱਖ ਕੰਮ ਲੋਕਾਂ ਨੂੰ ਧਰਮ ਦੇ ਨਾਂ ਤੇ ਕੀਤੇ ਜਾਂਦੇ ਪਖੰਡਾਂ, ਕਰਮ-ਕਾਂਡਾਂ ਵਿਚੋਂ ਕੱਢਣਾ ਹੁੰਦਾ ਹੈ, ਉਹ ਆਪ ਗਲਾਂ ਵਿਚ ਕ੍ਰਿਪਾਨਾਂ ਪਾ ਕੇ ਅਤੇ ਨੀਲੀਆਂ-ਪੀਲੀਆਂ ਦਸਤਾਰਾਂ ਬੰਨ ਕੇ ਸਰਾਧਾਂ ਦੇ ਦਿਨਾਂ ਵਿਚ ਸ਼ਰਾਧ ਖਾਣ ਜਾਂਦੇ ਹਨ। ਜਿਹੜੇ ਸਿੱਖ ਅਗਿਆਨਤਾਵੱਸ ਸ਼ਰਾਧ ਕਰਦੇ ਹਨ ਅਤੇ ਜਿਹੜੇ ਸਿੱਖ ਪ੍ਰਚਾਰਕ ਗਲਾਂ ਵਿਚ ਕ੍ਰਿਪਾਨਾਂ ਪਾ ਕੇ ਅਤੇ ਨੀਲੀਆਂ-ਪੀਲੀਆਂ ਦਸਤਾਰਾਂ ਬੰਨ ਕੇ ਉੱਚੇਚੇ ਤੌਰ ਤੇ ਲੋਕਾਂ ਦੇ ਘਰਾਂ ਵਿਚ ਸ਼ਰਾਧ ਖਾਣ ਲਈ ਜਾਂਦੇ ਹਨ, ਉਨ੍ਹਾਂ ਨੂੰ ਪਹਿਲਾਂ ਹੇਠ ਲਿਖੇ ਸਵਾਲ ਜ਼ਰੂਰ ਕਰਨੇ ਚਾਹੀਦੇ ਹਨ:
  • ਗੁਰੂ ਨਾਨਕ ਸਾਹਿਬ ਦੀ ਹਰਿਦੁਆਰ ਵਾਲੀ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?
  • ਗੁਰੂ ਸਾਹਿਬ ਵੱਲੋਂ ਪੁਜਾਰੀਆਂ ਨੂੰ ਕੀਤਾ ਗਿਆ ਸਵਾਲ ਜੇਕਰ ਮੇਰਾ ਪਾਣੀ ਮੇਰੇ ਖੇਤਾਂ ਵਿਚ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ-ਕਰੋੜਾਂ ਮੀਲ ਦੂਰ ਕਿਵੇਂ ਪਹੁੰਚ ਸਕਦਾ ਹੈ? ਇਸ ਸਵਾਲ ਤੋਂ ਕੀ ਸਿੱਖਿਆ ਮਿਲਦੀ ਹੈ?
  • ਗੁਰੂ ਸਾਹਿਬ ਦੀ ਦਲੀਲ ਅਨਪੜ੍ਹ ਤੋਂ ਅਨਪੜ੍ਹ ਮਨੁੱਖ ਨੂੰ ਵੀ ਸਮਝ ਆ ਜਾਂਦੀ ਹੈ ਕਿ ਸ਼ਰਾਧਾਂ ਰਾਹੀਂ ਪਿੱਤਰਾਂ ਨੂੰ ਕੋਈ ਚੀਜ਼ ਨਹੀਂ ਪਹੁੰਚਦੀ ਪਰ ਸ਼ਰਾਧ ਖਾਣ ਵਾਲੇ ਭਾਈਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ?
  • ਕਈਆਂ ਦੇ ਬਜ਼ੁਰਗ ਆਪਣੀ ਜ਼ਿੰਦਗੀ ਵਿਚ ਭੈੜੇ ਤੋਂ ਭੈੜੇ ਨਸ਼ਿਆਂ ਦਾ ਸੇਵਨ ਕਰਨ ਉਪਰੰਤ ਮਰ ਗਏ। ਕੀ ਸ਼ਰਾਧ ਖਾਣ ਵਾਲੇ ਭਾਈ ਨਸ਼ਿਆਂ ਦਾ ਸੇਵਨ ਵੀ ਕਰਦੇ ਹੋਣਗੇ?
  • ਕਿਹਾ ਜਾਂਦਾ ਹੈ ਕਿ ਸ਼ਰਾਧ ਕਰਨ ਨਾਲ ਪਿੱਤਰ ਇਕ ਸਾਲ ਰੱਜੇ ਰਹਿੰਦੇ ਹਨ। ਜੇਕਰ ਇਹ ਗੱਲ ਹੈ ਤਾਂ ਫਿਰ ਸਰਾਧ ਖਾਣ ਵਾਲਿਆਂ ਨੂੰ ਵੀ ਸ਼ਰਾਧਾਂ ਤੋਂ ਬਾਅਦ ਸਾਰਾ ਸਾਲ ਕੁੱਝ ਨਹੀਂ ਖਾਣਾ ਚਾਹੀਦਾ ਕਿਉਂਕਿ ਸ਼ਰਾਧ ਖਾਣ ਵਾਲਿਆਂ ਨੂੰ ਵੀ ਸਾਰਾ ਸਾਲ ਰੱਜੇ ਰਹਿਣਾ ਚਾਹੀਦਾ ਹੈ। ਉਹ ਸ਼ਰਾਧਾਂ ਤੋਂ ਬਾਅਦ ਸਾਰਾ ਸਾਲ ਭੋਜਨ ਕਿਉਂ ਖਾਂਦੇ ਰਹਿੰਦੇ ਹਨ?
  • ਭਾਰਤ ਵਿਚ ਲੱਖਾਂ-ਕਰੋੜਾਂ ਲੋਕ ਭੁੱਖੇ ਰਹਿੰਦੇ ਹਨ। ਜੇਕਰ ਕਿਸੇ ਦਾ ਖਾਧਾ ਹੋਇਆ ਭੋਜਨ, ਪਿੱਤਰਾਂ ਦੇ ਪੇਟ ਵਿਚ ਜਾਣ ਨਾਲ ਪਿੱਤਰ ਇਕ ਸਾਲ ਰੱਜੇ ਰਹਿ ਸਕਦੇ ਹਨ ਤਾਂ ਫਿਰ ਸ਼ਰਾਧ ਖਾਣ ਵਾਲੇ ਭਾਈਆਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇ ਭੁੱਖੇ ਲੋਕਾਂ ਲਈ ਵੀ ਭੋਜਨ ਖਾ ਲਿਆ ਕਰਨ ਤਾਂ ਜੋ ਭਾਰਤ ਦੇ ਭੁੱਖੇ ਲੋਕ ਇਕ ਸਾਲ ਲਈ ਰੱਜੇ ਰਿਹਾ ਕਰਨ। ਕੀ ਸ਼ਰਾਧ ਖਾਣ ਵਾਲੇ ਭਾਈ, ਭਾਰਤ ਵਿਚੋਂ ਭੁੱਖਮਰੀ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਕਿਉਂ ਨਹੀਂ ਪਾਉਂਦੇ?
  • ਕਲਪਤ ਪਿੱਤਰ ਲੋਕ ਤਾਂ ਭਾਈ ਦਿਖਾ ਨਹੀਂ ਸਕਦੇ ਪਰ ਭੁੱਖੇ ਭਾਰਤੀ ਲੋਕ ਤਾਂ ਸਾਡੀਆਂ ਅੱਖਾਂ ਸਾਹਮਣੇ ਹੈ। ਭਾਰਤ ਦੇ ਭੁੱਖੇ ਲੋਕਾਂ ਨੂੰ ਰਜ਼ਾ ਕੇ ਦਿਖਾਉਣ। ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਮੂਰਖ ਬਨਾਉਣਾ ਛੱਡ ਦੇਣ।
  • ਜਿਹੜੇ ਸਿੱਖ ਹੋ ਕੇ ਸ਼ਰਾਧ ਕਰਦੇ ਹਨ ਅਤੇ ਜਿਹੜੇ ਭਾਈ ਸ਼ਰਾਧ ਖਾਣ ਜਾਂਦੇ ਹਨ, ਉਨ੍ਹਾਂ ਨੂੰ ਗੁਰਬਾਣੀ ਦੇ ਹੇਠ ਲਿਖੇ ਫ਼ੁਰਮਾਨ ਤੋਂ ਸੇਧ ਲੈ ਕੇ ਆਪਣੀ ਅਗਿਆਨਤਾ ਨੂੰ ਤਿਅਗਣਾ ਚਾਹੀਦਾ ਹੈ:-
     ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ।।
     ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।।।।
     ਮੋ ਕਉ ਕੁਸਲੁ ਬਤਾਵਾਹੁ ਕੋਈ।।
     ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ।। 1 ।।  ਰਹਾਉ।। ਗੁਗ੍ਰੰਸਾਪੰਨਾ– 332 )
ਅਰਥਾਤ ਲੋਕ, ਜਿਊਂਦੇ ਮਾਪਿਆਂ ਨੂੰ ਤਾਂ ਆਦਰ-ਮਾਣ ਦੇਂਦੇ ਨਹੀਂ ਪਰ ਮਰ ਗਏ ਪਿੱਤਰਾਂ (ਵੱਡੇ-ਵਡੇਰਿਆਂ ) ਦੇ ਨਮਿੱਤ ਭੋਜਨ (ਸ਼ਰਾਧ) ਖਆਉਂਦੇ ਹਨ। ਦੱਸੋ, ਵਿਚਾਰੇ ਪਿੱਤਰ ਭਲਾ ਸ਼ਰਾਧਾਂ ਦਾ ਭੋਜਨ ਕਿਵੇਂ ਹਾਸਲ ਕਰ ਸਕਦੇ ਹਨ? ਭੋਜਨ ਨੂੰ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਹਨ।
ਕਬੀਰ ਜੀ ਫੁਰਮਾਦੇ ਹਨ ਕਿ ਕੋਈ ਧਿਰ ਮੈਂਨੂੰ ਦੱਸੋ ਕਿ ਪਿੱਤਰਾਂ ਦੇ ਨਮਿੱਤ ਸ਼ਰਾਧ ਖੁਆਉਣ ਨਾਲ ਪਿੱਛੇ ਘਰ ਵਿਚ ਸੁੱਖ-ਅਨੰਦ ਕਿਵੇਂ ਹੋ ਸਕਦਾ ਹੈ? ਸਾਰਾ ਸੰਸਾਰ, ਇਸੇ ਭਰਮ ਵਿਚ ਖੱਪ ਰਿਹਾ ਹੈ ਕਿ ਪਿੱਤਰਾਂ ਨਮਿੱਤ ਸ਼ਰਾਧ ਕੀਤਿਆਂ ਘਰ ਵਿਚ ਸੁੱਖ-ਅਨੰਦ ਬਣਿਆ ਰਹਿੰਦਾ ਹੈ। ਰਹਾਉ।
ਅਖ਼ੀਰ ਵਿਚ ਸਾਰਿਆਂ ਨੂੰ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖ ਦੇ ਜੀਵਨ ਦੀ ਰਹਿਨੁਮਾਈ ਕਰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜਿਊਂਦੇ ਜੀਅ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਣੀ ਅਤੇ ਸਮਝਣੀ ਚਾਹੀਦੀ ਹੈ। ਆਪਣੇ ਜੀਵਨ ਵਿਚੋਂ ਹਰ ਪ੍ਰਕਾਰ ਦੇ ਝੂਠ, ਪਖੰਡ, ਵਹਿਮ-ਭਰਮ, ਕਰਮ-ਕਾਂਡ, ਅਗਿਆਨਤਾ ਭਰਪੂਰ ਕੰਮਾਂ ਦਾ ਹਮੇਸ਼ਾ ਲਈ ਤਿਆਗ ਕਰ ਦੇਣਾ ਚਾਹੀਦਾ ਹੈ।
ਲੈਕਚਰ  ਕਰਨ ਉਪਰੰਤ ਫ਼ਤਿਹ ਬੁਲਾ ਕੇ ਸੰਗਤ ਵਿਚ ਬਹਿ ਗਿਆ।
ਜਦੋਂ ਲੈਕਚਰ ਦੀ ਸਮਾਪਤੀ ਹੋ ਗਈ ਤਾਂ ਗ੍ਰੰਥੀ ਸਿੰਘ ਨੇ ਮੇਰੇ ਉੱਤੇ ਤਵਾ ਲਗਾ ਦਿੱਤਾ। ਉਸ ਨੇ ਕਿਹਾ ਕਿ ਭਾਈ ਸਾਹਿਬ ਨੇ ਲੈਕਚਰ ਤਾਂ ਗੁਰਮਤਿ ਅਨੁਸਾਰ ਬਹੁਤ ਵਧੀਆ ਕੀਤਾ ਹੈ ਅਤੇ ਸਾਰੀਆਂ ਗੱਲਾਂ ਹਨ ਵੀ ਠੀਕ । ਪਰ ਸਾਨੂੰ ਪ੍ਰਵਾਰ ਅਤੇ ਸੰਗਤ ਨੂੰ ਕਦੇ ਵੀ ਨਾਰਾਜ਼ ਨਹੀਂ ਕਰਨਾ ਚਾਹੀਦਾ ਹੈ।  ਪ੍ਰਵਾਰ ਅਤੇ ਸੰਗਤ ਜਿਵੇਂ ਕਹਿੰਦੀ ਹੈ, ਪ੍ਰੋਗਰਾਮ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਕਿਉਕਿ ਸੰਗਤ ਵਿਚ ਰੱਬ ਵੱਸਦਾ ਹੈ।
ਗੁਰਦੁਆਰਾ ਸਾਹਿਬ ਵਿਚ ਭੋਗ ਦੀ ਸਮਾਪਤੀ ਉਪਰੰਤ ਸਾਰੇ ਰਿਸ਼ਤੇਦਾਰ ਅਤੇ ਹੋਰ ਸਾਕ-ਸਬੰਧੀ ਦੁਪਹਿਰ ਦੇ ਖਾਣੇ ਤੋਂ ਬਾਅਦ ਜਲੇਬੀਆਂ ਦੇ ਲਿਫਾਫੇ ਆਪਣੇ ਹੱਥਾਂ ਵਿਚ ਫੜ ਕੇ, ਆਪਣੇ ਆਪਣੇ ਘਰਾਂ ਨੂੰ ਚਾਲੇ ਪਾ ਰਹੇ ਸਨ। ਜਾਣ ਵਾਲੇ ਰਸਤੇ ਦੇ ਬਾਹਰ ਮੈਂ ਖੜ੍ਹਾਂ ਹੋ ਗਿਆ ਤਾਂ ਜੋ ਕਿਸੇ ਗੁਰੂ ਦੇ ਸਿੱਖ ਨੂੰ ਮਿਲਿਆ ਜਾ ਸਕੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਹੁਕਮਾਂ ਨੂੰ ਮੰਨਦਾ ਹੋਇਆ ਮੇਰੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੇ। ਪਰ ਐਨੈ ਵੱਡੇ ਇਕੱਠ ਵਿਚ ਮੈਂਨੂੰ ਇਕ ਵੀ ਗੁਰੂ ਦਾ ਸਿੱਖ ਨਾ ਮਿਲ ਸਕਿਆ, ਜਿਸ ਕਾਰਣ ਕਿਸੇ ਗੁਰਸਿੱਖ ਨੂੰ ਮਿਲਣ ਵਾਲੀ ਤਾਂਘ ਪੂਰੀ ਨਾ ਹੋ ਸਕੀ।
ਇਕ ਕਮਰੇ ਵਿਚ ਵੇਖਿਆ ਕਿ ਗੁਰਦੁਆਰੇ ਦਾ ਗ੍ਰੰਥੀ ਅਤੇ ਕੀਰਤਨੀਏ ਸਿੰਘ ਦੁਪਹਿਰ ਦਾ ਖਾਣਾ ਛਕਣ ਉਪਰੰਤ ਜਲੇਬੀਆਂ ਨੂੰ ਗੇੜੇ ਦੇ ਚੁੱਕੇ ਸਨ। ਮੈਂ ਉਨ੍ਹਾਂ ਨੂੰ ਫ਼ਤਿਹ ਬਲਾਉਣ ਉਪਰੰਤ ਉਨ੍ਹਾਂ ਕੋਲ ਜਾ ਬੈਠਾ। ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਤੁਸੀਂ ਗੁਰਦਆਰੇ ਅੰਦਰ ਗੁਰੂ ਦੀ ਹਜ਼ੂਰੀ ਵਿਚ ਕਹਿ ਰਹੇ ਸੀ ਕਿ ਜਿਵੇਂ ਪ੍ਰਵਾਰ ਅਤੇ  ਸੰਗਤ ਕਹਿੰਦੀ ਹੈ, ਸਾਨੂੰ ਉਸੇ ਤਰ੍ਹਾਂ ਚਲਣਾ ਚਾਹੀਦਾ ਹੈ। ਇਹ ਗੱਲ ਸੁਣ ਕੇ ਇਕ ਕੀਰਤਨੀਆ ਸਿੰਘ ਬੋਲਿਆ, ਭਾਈ ਸਾਹਿਬ! ਤੁਹਾਡੇ ਵਿਚਾਰ ਬਹੁਤ ਚੰਗੇ ਹਨ, ਪਰ ਗੁਣਾਂ ਦੀ ਗਠੜੀ ਉਥੇ ਖੋਲ੍ਹਣੀ ਚਾਹੀਦੀ ਹੈ, ਜਿੱਥੇ ਉਸ ਦੇ ਗਾਹਕ ਹੋਣ।
ਉਨ੍ਹਾਂ ਸਾਰਿਆਂ ਨੂੰ ਯਾਦ ਕਰਾਇਆ ਕਿ ਜਦੋਂ ਗੁਰੂ ਨਾਨਕ ਸਾਹਿਬ ਨੂੰ ਹਰਦਿਆਲ ਪੰਡਤ ਜਨੇਊ  ਪਾਉਣ ਲੱਗਾ ਸੀ ਤਾਂ ਗੁਰੁ ਸਾਹਿਬ ਨੇ ਜਨੇਊ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ ਸੀ। ਅਜਿਹਾ ਕਰਕੇ, ਗੁਰੂ ਸਾਹਿਬ ਨੇ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਅਤੇ ਉੱਥੇ ਇਕੱਠੀ ਹੋਈ ਸੰਗਤ ਨੂੰ ਨਰਾਜ਼ ਕਰ ਲਿਆ ਸੀ। ਉਸ ਸੰਗਤ ਵਿਚ ਵੀ ਤਾਂ ਰੱਬ ਵਸਦਾ ਸੀ। ਉਸ ਸਮੇਂ ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਨਰਾਜ਼ ਕਿਉ ਕਰ ਲਿਆ ਸੀ? ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਗੁਣਾਂ ਦੀ ਗਠੜੀ ਉਥੇ ਖੋਲ੍ਹਣੀ ਚਾਹੀਦੀ ਹੈ ਜਿੱਥੇ ਉਸ ਦੇ ਗਾਹਕ ਹੋਣ। ਦੱਸੋ, ਗੁਰਦੁਆਰੇ ਵਿਚ ਜਿਹੜੀ ਤੁਸੀਂ ਹਰਮੋਨੀਅਮ-ਬਾਜੇ ਵਾਲੀ ਗਠੜੀ ਖੋਲ੍ਹੀ ਹੋਈ ਸੀ, ਕੀ ਉਨ੍ਹਾਂ ਦੇ ਗਾਹਕ ਉੱਥੇ ਬੈਠੇ ਸਨ?
ਜਦੋਂ ਉਨ੍ਹਾਂ ਨੂੰ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਪ੍ਰਚਾਰਕ ਹੋਣ ਦੇ ਨਾਤੇ ਸਿੱਖੀ-ਸਿਧਾਂਤਾਂ ਨੂੰ ਪਹਿਲਾਂ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ, ਉਪਰੰਤ ਸਿੱਖੀ ਸਿਧਾਂਤਾਂ ਦਾ ਸਹੀ ਪ੍ਰਚਾਰ ਕਰਨਾ ਆਪਣਾ ਜ਼ਰੂਰੀ ਫ਼ਰਜ਼ ਸਮਝਣਾ ਚਾਹੀਦਾ ਹੈ। ਜੇਕਰ ਅਸੀਂ ਸਿੱਖੀ ਸਿਧਾਂਤਾਂ ਦਾ ਸਹੀ ਪ੍ਰਚਾਰ ਨਹੀਂ ਕਰਾਂਗੇ ਤਾਂ ਗੁਰੂ ਅੱਗੇ ਸਭ ਤੋਂ ਵੱਡੇ ਦੋਸ਼ੀ ਸਾਬਤ ਹੋਵਾਂਗੇ। ਮੈਂ ਤਾਂ ਆਪਣਾ ਫਰ਼ਜ ਨਿਭਾ ਚੱਲਿਆਂ ਹਾਂ। ਜਿਹੜਾ ਮਨੁੱਖ ਸੱਚ ਦਾ ਧਾਰਨੀ ਹੋਵੇਗਾ, ਉਹ ਸਿੱਖੀ ਸਿਧਾਂਤਾਂ ਦੀ ਜ਼ਰੂਰ ਕਦਰ ਕਰੇਗਾ ਪਰ ਜਿਹੜਾ ਮਨੁੱਖ ਹੋਇਆ ਹੀ ਸੱਚ ਦਾ ਵਿਰੋਧੀ, ਉਹ ਸਿੱਖੀ ਸਿਧਾਂਤਾਂ ਦੀ ਕੋਈ ਪਵਾਹ ਨਾ ਕਰਦਾ ਹੋਇਆ, ਕੇਵਲ ਫੋਕਟ ਰੀਤਾਂ-ਰਸਮਾਂ ਕਰਕੇ ਹੀ ਸਮਾਜ ਵਿਚ ਵੱਡਾ ਧਰਮੀ ਬਣਨ ਦਾ ਪਖੰਡ ਕਰਦਾ ਰਹੇਗਾ। ਇਨ੍ਹਾਂ ਵਿਚਾਰਾਂ ਉਪਰੰਤ ਮੈਂ ਉਨ੍ਹਾਂ ਨੂੰ ਫ਼ਤਿਹ ਬੁਲਾ ਕੇ ਘਰ ਦਾ ਰਸਤਾ ਫੜ ਲਿਆ।
ਹੁਣ ਸਵਾਲ ਪੈਦਾ ਹੁੰਦੇ ਹਨ:-
  • ਜਿਹੜੀਆਂ ਸਦੀਆਂ-ਪੁਰਾਣੀਆਂ ਖੋਖਲੀਆਂ ਰੀਤਾਂ-ਰਸਮਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਲੇਰੀ ਨਾਲ ਰੱਦ ਕਰ ਦਿੱਤਾ ਸੀ, ਉਨ੍ਹਾਂ ਰੱਦ ਕਰ ਦਿੱਤੀਆਂ ਰੀਤਾਂ-ਰਸਮਾਂ ਨੂੰ ਜਿਹੜੇ ਸਿੱਖ ਕਿਸੇ ਦੇ ਚਲਾਣੇ ਅਤੇ ਭੋਗ ਸਮੇਂ ਕਰਦੇ ਹਨ, ਕੀ ਉਨ੍ਹਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ?
  • ਹਿੰਦੂਮਤ ਦੀ ਜਿਹੜੀ ਜਾਤੀਵੰਡ ਸਿੱਖਾਂ ਨੇ ਅਪਨਾਈ ਹੋਈ ਹੈ, ਕੀ ਉਸ ਜਾਤੀਵੰਡ ਨੂੰ ਅਪਨਾਉਣ ਵਾਲਿਆਂ ਨੂੰ ਸਿੱਖ ਕਿਹਾ ਜਾ ਸਕਦਾ ਹੈ?
  • ਹਿੰਦੂਮਤ ਦੇ ਜਿਹੜੇ ਤਿਉਹਾਰ, ਸਿੱਖ ਮਨਾਉਂਦੇ ਹਨ, ਕੀ ਉਹ ਤਿਉਹਾਰ ਮਨਾਉਣ ਵਾਲਿਆਂ ਨੂੰ ਸਿੱਖ ਕਿਹਾ ਜਾ
ਸਕਦਾ ਹੈ?
  • ਹਿੰਦੂਮਤ ਦੀ ਭਗਉਤੀ (ਦੁਰਗਾ ਮਾਤਾ) ਅੱਗੇ ਜਿਹੜੇ ਸਿੱਖ ਅਰਦਾਸ ਕਰਦੇ ਹਨ, ਕੀ ਉਨ੍ਹਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ?
ਜਵਾਬ:- ਹਿੰਦੂਮਤ ਅਤੇ ਸਿੱਖਮਤ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਿੱਖੀ-ਸਿਧਾਂਤਾਂ ਦੀ ਜਾਣਕਾਰੀ ਨਾ ਹੋਣ ਕਰਕੇ, ਜਿਹੜੇ ਹਿੰਦੂਮਤ ਦੀਆਂ ਰੀਤਾਂ-ਰਸਮਾਂ ਕਰਦੇ ਹਨ, ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਅੱਜ ਸਿੱਖ-ਕੌਮ, ਸਿੱਖ ਦੇ ਭੇਖ ਵਿਚ ਹਿੰਦੂ ਹੀ ਬਣ ਗਈ ਹੈ। ਪਰ ਜਦੋਂ ਕੋਈ ਮੌਜੂਦਾ ਸਿੱਖਾਂ ਨੂੰ ਹਿੰਦੂਮਤ ਦੀਆਂ ਰੀਤਾਂ-ਰਸਮਾਂ ਕਰਦਿਆਂ ਦੇਖ ਕੇ, ਉਨ੍ਹਾਂ ਨੂੰ ਹਿੰਦੂ ਕਹਿੰਦਾ ਹੈ ਤਾਂ ਆਪਣੇ ਆਪ ਨੂੰ ਸਿੱਖ ਹੋਣ ਦਾ ਭਰਮ ਪਾਲ ਚੁੱਕੇ ਸਿੱਖ, ਚਿੜ੍ਹ ਜਾਂਦੇ ਹਨ ਅਤੇ ਵਿਰੋਧ ਕਰਦੇ ਹਨ ਕਿ ਸਾਨੂੰ ਹਿੰਦੂ ਕਿਉਂ ਕਿਹਾ ਜਾਂਦਾ ਹੈ?
ਜੇਕਰ ਕੋਈ ਵਿਅਕਤੀ ਨਮਾਜ਼ ਪੜ੍ਹਦਾ ਹੈ ਤਾਂ ਉਸ ਨੂੰ ਦੇਖ ਕੇ, ਸਾਰੇ ਸਮਝ ਜਾਂਦੇ ਹਨ ਕਿ ਇਹ ਵਿਅਕਤੀ ਮੁਸਲਮਾਨ ਹੈ। ਇਸੇ ਤਰ੍ਹਾਂ ਜੇਕਰ ਬਹੁਤ ਸਾਰੇ ਲੋਕ, ਸਿੱਖ ਦੇ ਭੇਖ ਵਿਚ  ਹਿੰਦੂਮਤ ਦੀਆਂ ਰੀਤ-ਰਸਮਾਂ  ਕਰਦੇ ਹਨ ਤਾਂ ਉਨ੍ਹਾਂ ਨੂੰ ਦੇਖ ਕੇ ਸਾਰੇ ਹਿੰਦੂ ਹੀ ਕਹਿਣਗੇ। ਹਮ ਹਿੰਦੂ ਨਹੀਂ ਕਹਿਣ ਨਾਲ ਕੋਈ ਮਨੁੱਖ, ਸਿੱਖ ਨਹੀਂ ਬਣ ਜਾਂਦਾ। ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ।
ਜੇਕਰ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪਸੰਦ ਨਹੀਂ ਹੈ ਤਾਂ ਫਿਰ ਆਪਣੇ ਜੀਵਨ ਵਿਚ ਜਨਮ ਤੋਂ ਲੈ ਕੇ ਮੌਤ ਤਕ ਸਾਰੀਆਂ ਹਿੰਦੂਮਤ ਦੀਆਂ ਰੀਤਾਂ-ਰਸਮਾਂ ਕਿਉਂ ਕਰਦੇ ਹੋ? ਹਿੰਦੂਮਤ ਦੀ ਜਾਤੀਵੰਡ ਪ੍ਰਣਾਲੀ ਕਿਉਂ ਅਪਨਾਉਂਦੇ ਹੋ? ਹਿੰਦੂਮਤ ਦੇ ਤਿਉਹਾਰ ਕਿਉਂ ਮਨਾਉਂਦੇ ਹੋ? ਹਿੰਦੂਮਤ ਦੀ ਭਗਉਤੀ (ਦੁਰਗਾ ਮਾਤਾ) ਅੱਗੇ ਅਰਦਾਸਾਂ ਕਿਉਂ ਕਰਦੇ ਹੋ? ਸਿੱਖਾਂ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਹ ਇਕ ਕੌੜਾ ਸੱਚ ਹੈ ਕਿ ਸਿੱਖੀ ਨੂੰ ਅਪਨਾਉਣ ਵਿਚ ਜਿਹੜੀ ਸਿਆਣਪ ਅਤੇ ਦਲੇਰੀ ਹਿੰਦੂਆਂ ਅਤੇ ਸ਼ੂਦਰਾਂ ਨੇ ਦਿਖਾਈ ਸੀ, ਉਹ ਸਿਆਣਪ ਅਤੇ ਦਲੇਰੀ ਅੱਜ ਦੇ ਸਿੱਖਾਂ ਵਿਚ ਨਹੀਂ ਮਿਲਦੀ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਵਿਚ ਅੱਜ ਹਿੰਦੂਮਤ ਦੀਆਂ ਰੀਤਾਂ-ਰਸਮਾਂ, ਜਾਤ-ਪਾਤ ਅਤੇ ਤਿਉਹਾਰ ਛੱਡਣ ਦੀ ਦਲੇਰੀ ਕਿਸੇ ਵਿਚ ਨਜ਼ਰ ਨਹੀਂ ਆਉਂਦੀ। ਇਸ ਸਿਆਣਪ ਅਤੇ ਦਲੇਰੀ ਦੀ ਘਾਟ ਕਾਰਣ ਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਵਿਚੋਂ ਸਿੱਖੀ ਦਾ ਪੂਰੀ ਤਰ੍ਹਾਂ ਭੋਗ ਪੈ ਚੁੱਕਾ ਹੈ।
ਇਕ ਪਾਸੇ ਆਪਣੀਆਂ ਕਮਜ਼ੋਰੀਆਂ ਕਾਰਣ ਬ੍ਰਾਹਮਣ ਦੇਵਤਾ ਨੂੰ ਭੰਡਿਆ ਜਾਂਦਾ ਹੈ ਅਤੇ ਦੂਜੇ ਪਾਸੇ ਬ੍ਰਾਹਮਣ ਦੇਵਤਾ ਦਾ ਸਾਰੀ ਉਮਰ ਪਾਣੀ ਭਰਿਆ ਜਾਂਦਾ ਹੈ। ਇਹ ਦੋਗ਼ਲੀ ਨਿਤੀ ਕਿਉਂ? ਅੱਜ ਸਿੱਖਾਂ ਦਾ ਕੋਈ ਵੀ ਕੰਮ ਬ੍ਰਾਹਮਣੀ ਮਰਿਆਦਾ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਅੱਜ ਬ੍ਰਾਹਮਣੀ ਮਰਿਆਦਾ ਦਾ ਜਾਦੂ ਸਿੱਖਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਸਿੱਖਾਂ ਵਿਚ 90%  ਬ੍ਰਾਹਮਣੀ ਮਰਿਆਦਾ ਅਤੇ 10% ਅਕਾਲ ਤਖਤ ਦੀ ਮਰਿਅਦਾ ਦੀ ਪਾਲਣਾ ਕੀਤੀ ਜਾਂਦੀ ਹੈ ਜਿਹੜੀ ਕਿ ਹਰ ਕਾਰਜ ਵਿਚ ਭਗਉਤੀ (ਦੁਰਗਾ ਮਾਤਾ) ਅੱਗੇ ਅਰਦਾਸ ਕਰਨ ਉਪਰੰਤ ਹੀ ਪੂਰੀ ਹੁੰਦੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਮਹਾਨਤਾ ਕੇਵਲ ਅਖੰਡ ਪਾਠਾਂ ਜਾਂ ਮ੍ਰਿਤਕਾਂ ਦੇ ਭੋਗ ਪਾਉਣ ਤਕ ਹੀ ਸੀਮਤ ਰਹਿ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਜੀਵਨ  ਵਿਚ ਲਾਗੂ ਕਰਨ ਦੀਆਂ ਗੱਲਾਂ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ  ਰਹਿ ਗਈਆਂ ਹਨ।
ਅੱਜ ਦੋ ਧਰਮਾਂ ਦੀ ਮਰਿਆਦਾ ਦੀ ਪਾਲਣਾ ਹੋਣ ਕਰਕੇ, ਇਕ ਹੋਰ ਨਵਾਂ ‘ਹਿੰਦੂ-ਸਿੱਖ ਧਰਮ’ ਹੋਂਦ ਵਿਚ ਆ ਗਿਆ ਹੈ। ਦੋ ਧਰਮਾਂ ਦੀ ਮਰਿਆਦਾ ਦੀ ਮਿਲਾਵਟ ਨਾਲ ਬਣੇ ਧਰਮ ਨੂੰ ‘ਦੋਗ਼ਲਾ ਧਰਮ’ ਵੀ ਕਿਹਾ ਜਾ ਸਕਦਾ ਹੈ। ਦੋਗ਼ਲੇ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ  ‘ਦੋਗ਼ਲੇ’ ਵੀ ਕਿਹਾ ਜਾ ਸਕਦਾ ਹੈ। ਸਿੱਖ ਕੇਵਲ ਉਸ ਨੂੰ ਹੀ ਕਿਹਾ ਜਾ ਸਕਦਾ ਹੈ ਜਿਹੜਾ ਸਿੱਖਮਤ ਦਾ ਧਾਰਨੀ ਹੋਵੇਗਾ।
ਜੇਕਰ ਅਸੀਂ ਆਪਣੇ ਜੀਵਨ ਵਿਚ ਸਾਰੇ ਗੁਰਮਤਿ-ਵਿਰੋਧੀ ਹੀ ਕੰਮ ਕਰਨੇ ਹਨ ਤਾਂ ਫਿਰ ਭੇਖੀ ਸਿੱਖ ਜਾਂ ਦੋਗ਼ਲੇ ਬਣਨ ਦਾ ਕੀ ਲਾਭ? ਗੁਰਦੁਆਰਿਆਂ ਵਿਚ ਸਵੇਰੇ-ਸ਼ਾਮ ਗੁਰਬਾਣੀ ਪੜ੍ਹਣ ਦਾ ਕੀ ਲਾਭ? ਡਿਗਰੀਆਂ ਪ੍ਰਾਪਤ ਕਰਨ ਲਈ ਅਨੇਕਾਂ ਸਾਲ ਪੜ੍ਹਾਈ ਕਰਨ ਦਾ ਕੀ ਲਾਭ? ਡਿਗਰੀਆਂ ਉਤੇ ਲੱਖਾਂ ਰੁਪਿਆ ਖ਼ਰਚ ਕਰਕੇ, ਜੇਕਰ ਫਿਰ ਵੀ ਸੋਚ ਨਹੀਂ ਬਦਲੀ, ਸੱਚ ਅਤੇ ਝੂਠ ਦੇ ਫ਼ਰਕ ਦਾ ਪਤਾ ਨਹੀਂ ਲੱਗਿਆ ਤਾਂ ਡਿਗਰੀਆਂ ਲੈਣ ਦਾ ਕੀ ਲਾਭ? ਜੇਕਰ ਆਪਣੇ ਜੀਵਨ ਵਿਚ ਅਗਿਆਨਤਾ ਵਾਲੇ ਹੀ ਕੰਮ ਕਰਨੇ ਹਨ ਤਾਂ ਮਾਤਾ-ਪਿਤਾ ਦਾ ਲੱਖਾਂ ਰੁਪਿਆ ਪੜ੍ਹਾਈਆਂ ਤੇ ਖ਼ਰਚਿਆ ਵਿਆਰਥ ਹੀ ਸਮਝਣਾ ਚਾਹੀਦਾ ਹੈ।
ਜਿੱਥੋਂ ਤਕ ਪ੍ਰਚਾਰ ਦੀ ਗੱਲ ਹੈ, ਕੀਰਤਨੀਏ ਸਿੰਘ ਦੇ ਕਹੇ ਹੋਏ ਬੋਲ ਕਿ ਗੁਣਾਂ ਦੀ ਗਠੜੀ ਉੱਥੇ ਖੋਲ੍ਹਣੀ ਚਾਹੀਦੀ ਹੈ ਜਿੱਥੇ ਉਸ ਦੇ ਗਾਹਕ ਹੋਣ। ਕੀਰਤਨੀਏ ਸਿੰਘ ਦੀ ਇਸ ਗੱਲ ਵਿਚ ਬਹੁਤ ਵਜ਼ਨ ਹੈ। ਸਿੱਖੀ ਦੇ ਗਾਹਕ ਅੱਜ ਨਾ ਤਾਂ ਗੁਰਦੁਆਰਿਆਂ ਵਿਚ ਮਿਲ ਸਕਦੇ ਹਨ ਅਤੇ ਨਾ ਹੀ ਵੱਡੇ ਵੱਡੇ ਕੀਰਤਨ ਦਰਬਾਰਾਂ ਵਿਚੋਂ ਮਿਲ ਸਕਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖੀ ਦਾ ਪ੍ਰਚਾਰ ਕਿੱਥੇ ਕੀਤਾ ਜਾਵੇ ਅਤੇ ਸਿੱਖੀ ਦੇ ਗਾਹਕ ਕਿਥੋਂ ਲੱਭੇ ਜਾਣ? ਜਵਾਬ ਜਦੋਂ ਕਿਸੇ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝਣ ਉਪਰੰਤ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਦਲੇਰੀ ਨਾਲ ਲਾਗੂ ਕਰ ਲਿਆ ਤਾਂ ਸਮਝੋ ਉਸ ਦਿਨ ਤੋਂ ਸਿੱਖੀ ਦੇ ਗਾਹਕ ਵੀ ਮਿਲਣੇ ਸ਼ੁਰੂ ਹੋ ਜਾਣਗੇ।
ਅਖੀਰ ਵਿਚ ਸਾਰਿਆਂ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਪੜ੍ਹੇ-ਲਿਖੇ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਕੇਵਲ ਸਿੱਖ ਹੀ ਅਖਵਾਉਣਾ ਪਸੰਦ ਕਰਦੇ ਹਾਂ ਤਾਂ ਫਿਰ ਸਾਨੂੰ ਇਕ ਗੱਲ ਸਮਝਣੀ ਪਵੇਗੀ ਕਿ ਜਿਵੇਂ ਕੋਈ ਡਾਕਟਰੀ ਦੀਆਂ ਕਿਤਾਬਾਂ ਨੂੰ ਸਿਰਫ ਮੱਥੇ ਟੇਕ ਕੇ, ਡਾਕਟਰ ਨਹੀਂ ਬਣਿਆ ਜਾ ਸਕਦਾ, ਡਾਕਟਰ ਬਣਨ ਲਈ ਡਾਕਟਰੀ ਸਮਝਣੀ ਅਤੇ ਸਿੱਖਣੀ ਪਵੇਗੀ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥੇ ਟੇਕਣ ਨਾਲ ਅਸੀਂ ਸਿੱਖ ਨਹੀਂ ਬਣ ਸਕਦੇ, ਸਿੱਖ ਬਣਨ ਲਈ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਣੀ ਅਤੇ ਸਮਝਣੀ ਪਵੇਗੀ। ਇਸ ਤੋਂ ਇਲਾਵਾ ਸਿੱਖੀ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਹਿੰਮਤ ਵੀ ਕਰਨੀ ਪਵੇਗੀ। ਬਜ਼ੁਰਗਾਂ ਦੀਆਂ ਗੁਰਮਤਿ ਵਿਰੋਧੀ ਇਛਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਹੋਵੇਗਾ। ਸਿੱਖੀ ਅਪਨਾਉਣ ਤੋਂ ਬਾਅਦ ਆਪਣੇ ਜੀਵਨ ਵਿਚੋਂ ਝੂਠ, ਵਹਿਮ-ਭਰਮ, ਪਖੰਡ, ਕਰਮ-ਕਾਂਡ ਅਤੇ ਹੋਰ ਸਾਰੀਆਂ ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਦਾ ਹਮੇਸ਼ਾ ਲਈ ਭੋਗ ਪਾਉਣਾ ਹੋਵੇਗਾ। ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖੀ ਮਾਰਗ ਦੁਨੀਆਂ ਦਾ ਸਭ ਤੋਂ ਸੁਖਾਲਾ ਮਾਰਗ ਹੈ ਜਿਸ ਉਤੇ ਸੰਸਾਰ ਦਾ ਹਰ ਇਕ ਮਨੁੱਖ ਅਸਾਨੀ ਨਾਲ ਚੱਲ ਕੇ, ਆਪਣਾ ਜੀਵਨ ਸਫ਼ਲਾ ਕਰ ਸਕਦਾ ਹੈ।
ਜੇਕਰ ਅਸੀਂ ਹੁਣ ਵੀ ਨਾ ਸਮਝੇ ਤਾਂ ਯਾਦ ਰੱਖੋ, ਸਿੱਖ-ਸਤਿਗੁਰਾਂ, ਗੁਰੂ ਦੇ ਸਿੱਖਾਂ ਅਤੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੂੰ ਫ਼ਰੁੱਖਸੀਅਰ ਦੇ ਸਮੇਂ ਨੇਜਿਆਂ ਉਤੇ ਟੰਗਿਆ ਗਿਆ ਸੀ ਅਤੇ ਟੁਕੜੇ-ਟੁਕੜੇ ਕਰ ਕੇ ਮਾਵਾਂ ਦੀਆਂ ਝੋਲੀਆਂ ਵਿਚ ਪਾਇਆ ਗਿਆ ਸੀ, ਉਨ੍ਹਾਂ ਸਾਰਿਆਂ ਦੀ ਕੁਰਬਾਨੀਆਂ ਦਾ ਇਤਿਹਾਸ, ਅਕ੍ਰਿਤਘਣ ਸਿੱਖਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਕਾਸ਼ ! ਅਕ੍ਰਿਤਘਣ ਸਿੱਖਾਂ ਨੂੰ ਇਹ ਗੱਲ ਜਲਦੀ ਸਮਝ ਆ ਜਾਵੇ।

Comments

Popular posts from this blog

What is the Rehat Maryada?

Sikh Rehat Maryada:The Code of Sikh Conduct This document is the  Official Sikh Code of Conduct.  There were a number of attempts in the eighteenth century following the death of Guru Gobind Singh to produced an accurate portrayal of Sikh conduct and customs. These attempts were inconsistent with many of the principles of the Gurus and were not accepted by the majority of Sikhs. Starting early this century in 1931 an attempt was made by the Shromani Gurudwara Parbandhak Committee (S.G.P.C.) to produce a modern standard Rehat. These efforts involved the greatest Sikh scholars and theologians of this century who worked to produce the current version. The document produced has been accepted as the official version which provides guidelines against which all Sikh individuals and communities around the world can measure themselves. The Rehat Maryada is the only version authorized by the Akal Takht, the seat of supreme temporal authority for Sikhs. It's implementation has suc

Why Am I a Sikh?(Aspirations of a Sikh)

Because I have not to worship and appease many a God and a goddess and seek the help of so many of them to meet my needs. Rather I depend upon one God who is Omnipresent and is with me where-so-ever I be. My God has no equal and has none to fear from. By praying to Him I seek the protection of One who is Himself fearless and makes me lose all my fears. My God is kind and merciful and does forgive my sins if I sincerely pray for that. My God is all powerful and because He is always at my beck and call, my enemies dare not touch me. I have no rituals to perform to seek his help. I simply meditate on certain of His qualities and He stands by me in the particular form and shape of that quality. I can meditate on His qualities any where, any time and on every occasion and my seeking His help is so simple and easy that it tempts me to be a Sikh. Because I need not go from door to door to seek guidance and advice. I have all guidance and advice incorporated in one and only one Hol